ਜੇ ਹੁਣ ਸ਼ਰਧਾਲੂਆਂ ਨੂੰ ਪਾਕਿ ’ਚ ਜਾਣ ਦਾ ਖ਼ਤਰਾ ਨਹੀਂ ਤਾਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮੇਂ ਕਿਉਂ ਸੀ : ਜਗੀਰ ਕੌਰ

03/23/2021 6:38:16 PM

ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ’ਚ ਕਈ ਅਹਿਮ ਫ਼ੈਸਲੇ ਕੀਤੇ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਧਰ ਤੱਕ ਜ਼ੋਰਦਾਰ ਧਰਮ ਪ੍ਰਚਾਰ ਲਹਿਰ ਚਲਾ ਕੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਗਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤਹਿਤ ਧਰਮ ਪ੍ਰਚਾਰਕ, ਕਵੀਸ਼ਰ ਤੇ ਢਾਡੀ ਜਥੇ ਸੰਗਤਾਂ ਨੂੰ ਧਾਰਮਿਕ ਦੀਵਾਨਾਂ ਰਾਹੀਂ ਗੁਰ-ਇਤਿਹਾਸ ਸਰਵਣ ਕਰਵਾਉਣਗੇ ਅਤੇ ਸੰਵਾਦ ਵਿਧੀ ਰਾਹੀਂ ਸੰਗਤਾਂ ਨਾਲ ਰਾਬਤਾ ਬਣਾਉਣਗੇ। ਇਸ ਦੇ ਨਾਲ ਹੀ ਸ਼ਤਾਬਦੀ ਸਮਾਗਮਾਂ ਸਬੰਧੀ ਸੰਤ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ 3 ਅਪ੍ਰੈਲ ਨੂੰ ਇਕੱਤਰਤਾ ਕੀਤੀ ਜਾਵੇਗੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ 1 ਮਈ ਨੂੰ ਪ੍ਰਕਾਸ਼ ਪੁਰਬ ਸ਼ਤਾਬਦੀ ਦਾ ਮੁੱਖ ਸਮਾਗਮ ਯਾਦਗਾਰੀ ਹੋਵੇਗਾ, ਜਿਸ ਦੀਆਂ ਤਿਆਰੀਆਂ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁੱਖੀਆਂ ਨਾਲ ਵਿਚਾਰ-ਵਟਾਦਰਾਂ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿਕਲੀਗਰ ਸਿੱਖ ਬੱਚਿਆਂ ਦੀ ਫੀਸਾਂ ਦੇਣ ਲਈ ਪੁੱਜੀਆਂ ਦਰਖ਼ਾਸਤਾਂ ਦੇ ਅਧਾਰ ’ਤੇ ਇਹ ਫ਼ੈਸਲਾ ਕੀਤਾ ਗਿਆ ਕਿ ਵੱਖ-ਵੱਖ ਸੂਬਿਆਂ ਵਿਚ ਪੜ੍ਹਦੇ ਇਨ੍ਹਾਂ ਬੱਚਿਆਂ ਦੀਆਂ ਫੀਸਾਂ ਸਿੱਧੇ ਤੌਰ ’ਤੇ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਖੁਦ ਜਾ ਕੇ ਸਕੂਲਾਂ ਦੇ ਨਾਲ-ਨਾਲ ਸਿਕਲੀਗਰ ਪਰਿਵਾਰਾਂ ਤੱਕ ਪਹੁੰਚ ਕਰਨਗੇ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖ ਬੱਚਿਆਂ ਦੀ ਪੜ੍ਹਾਈ ਲਈ ਹਰ ਤਰ੍ਹਾਂ ਵਚਨਬੱਧ ਹੈ। ਇਕੱਤਰਤਾ ’ਚ ਲਏ ਗਏ ਹੋਰ ਫ਼ੈਸਲਿਆਂ ਸਬੰਧੀ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚੋਂ 70 ਫੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਇਆ ਕਰਨਗੇ। ਵਜ਼ੀਫਾ ਰਾਸ਼ੀ ਤੋਂ ਇਲਾਵਾ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਵੱਖਰੀ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਅਤੇ ਸੇਵਾ-ਸੰਭਾਲ ਦੇ ਦਰਸ਼ਨ ਸੰਗਤਾਂ ਜਲਦ ਕਰ ਸਕਣਗੀਆਂ। ਇਸ ਸਬੰਧ ਵਿਚ ਨਕਸ਼ਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਅਗਲੇ 4 ਮਹੀਨੇ ਦੌਰਾਨ ਇਹ ਕਾਰਜ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਕੱਤਰਤਾ ਦੌਰਾਨ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਅਵਤਾਰ ਸਿੰਘ ਵਣਵਾਲਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਰਾਮਪਾਲ ਸਿੰਘ ਬਹਿਣੀਵਾਲ ਆਦਿ ਹਾਜ਼ਰ ਸਨ।

ਜੇਕਰ ਹੁਣ ਸ਼ਰਧਾਲੂਆਂ ਨੂੰ ਪਾਕਿ ਜਾਣ ਦਾ ਖਤਰਾ ਨਹੀਂ ਤਾਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮੇਂ ਕਿਉਂ ਸੀ : ਬੀਬੀ ਜਗੀਰ ਕੌਰ
ਖਾਲਸਾ ਸਾਜਣਾ ਦਿਹਾੜੇ ਮੌਕੇ ਪਾਕਿ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ ਰੁਟੀਨ ਅਨੁਸਾਰ 4 ਜਥੇ ਪਾਕਿ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਹਨ। ਅਜਿਹੇ ਵਿਚ ਭਾਰਤ ਸਰਕਾਰ ਵੱਲੋਂ ਇਜਾਜ਼ਤ ਕੋਈ ਵੱਖਰੀ ਗੱਲ ਨਹੀਂ। ਉਨ੍ਹਾਂ ਆਖਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਫਰਵਰੀ ਮਹੀਨੇ ਵਿਚ ਵਿਸ਼ੇਸ਼ ਜਥੇ ਨੂੰ ਕੋਰੋਨਾ ਅਤੇ ਸੁਰੱਖਿਆ ਦਾ ਮਾਮਲਾ ਦੱਸ ਕੇ ਰੱਦ ਕਰ ਦੇਣ ਮਗਰੋਂ ਹੁਣ ਖਾਲਸਾ ਸਾਜਣਾ ਦਿਹਾੜੇ ਲਈ ਜਥੇ ਦੀ ਇਜਾਜ਼ਤ ਭਾਰਤ ਸਰਕਾਰ ਦੇ ਪਹਿਲੇ ਫ਼ੈਸਲੇ ’ਤੇ ਸਵਾਲ ਪੈਦਾ ਕਰਨ ਵਾਲੀ ਹੈ। ਇਸ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਸਮੇਂ ਭਾਰਤ ਸਰਕਾਰ ਨੇ ਜਾਣਬੁਝ ਕੇ ਜਥੇ ’ਤੇ ਰੋਕ ਲਗਾਈ ਸੀ। 

ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਕਾਰਨ ਕੋਈ ਖ਼ਤਰਾ ਨਹੀਂ ਤਾਂ ਉਸ ਵਕਤ ਕੋਰੋਨਾ ਦਾ ਬਹਾਨਾ ਕਿਉਂ ਬਣਾਇਆ ਗਿਆ। ਉਸ ਸਮੇਂ ਤਾਂ ਹੁਣ ਦੇ ਮੁਕਾਬਲੇ ਕੋਰੋਨਾ ਜ਼ਿਆਦਾ ਨਹੀਂ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਮੌਕੇ ਭਾਰਤ ਸਰਕਾਰ ਵੱਲੋਂ ਰੋਕਿਆ ਗਿਆ ਜਥਾ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਬੀਬੀ ਜਗੀਰ ਕੌਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਬਾਰੇ ਭਾਰਤ ਸਰਕਾਰ ਦਾ ਨਾਂਹ-ਪੱਖੀ ਰਵੱਈਆ ਸਿੱਖ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਇਹ ਲਾਂਘਾ ਵੀ ਬੰਦ ਕੀਤਾ ਹੋਇਆ ਹੈ, ਜਦਕਿ ਇਸ ਪਾਵਨ ਅਸਥਾਨ ਵਿਖੇ ਜਾਣ ਵਾਲੀਆਂ ਸੰਗਤਾਂ ਤਾਂ ਸ਼ਾਮ ਸਮੇਂ ਵਾਪਸ ਆ ਜਾਣਗੀਆਂ। ਜੇਕਰ ਹੋਰਨਾਂ ਥਾਵਾਂ ’ਤੇ ਕੋਰੋਨਾ ਲਈ ਕੋਈ ਮਨਾਹੀ ਨਹੀਂ ਤਾਂ ਗੁਰੂ ਘਰ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।


rajwinder kaur

Content Editor

Related News