ਬਟਾਲਾ ''ਚ ਪਟਾਕਾ ਫੈਕਟਰੀ ਹਾਦਸੇ ''ਤੇ ਭਾਈ ਲੌਂਗੋਵਾਲ ਵਲੋਂ ਅਫਸੋਸ ਪ੍ਰਗਟ

Thursday, Sep 05, 2019 - 11:50 AM (IST)

ਬਟਾਲਾ ''ਚ ਪਟਾਕਾ ਫੈਕਟਰੀ ਹਾਦਸੇ ''ਤੇ ਭਾਈ ਲੌਂਗੋਵਾਲ ਵਲੋਂ ਅਫਸੋਸ ਪ੍ਰਗਟ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਹਾਦਸੇ ਵਿਚ ਚਲਾਣਾ ਕਰ ਜਾਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀਆਂ ਰੂਹਾਂ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਅਤਿ-ਦੁੱਖਦਾਈ ਸਮੇਂ ਵਿਚ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਨਾਲ ਹੈ ਅਤੇ ਜ਼ਖਮੀਆਂ ਦੇ ਇਲਾਜ ਲਈ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਮੁਫਤ ਇਲਾਜ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਉਨ੍ਹਾਂ ਜ਼ਖਮੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਲਈ ਦਾਖਲ ਹੋਣ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪ੍ਰਸ਼ਾਸਨ ਦੀ ਅਣਗਹਿਲੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਵਿਸਫੋਟਕ ਕਾਰੋਬਾਰ ਨੂੰ ਸ਼ਹਿਰੀ ਵਸੋਂ ਵਾਲੇ ਇਲਾਕਿਆਂ ਤੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖੀ ਜਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ, ਜਿਸ ਨੂੰ ਸੰਜੀਦਗੀ ਨਾਲ ਨਿਭਾਉਣ ਲਈ ਸਰਕਾਰਾਂ ਵਚਨਬੱਧ ਹੋਣ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ।


author

Baljeet Kaur

Content Editor

Related News