ਗੁੰਡਾਗਰਦੀ ਦਾ ਨੰਗਾ ਨਾਚ, ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰ ''ਤੇ ਹਮਲਾ

06/02/2019 11:43:44 AM

ਅੰਮ੍ਰਿਤਸਰ (ਅਰੁਣ) : ਬਾਬਾ ਦੀਪ ਸਿੰਘ ਕਾਲੋਨੀ ਗੁਰੂ ਦੀ ਵਡਾਲੀ ਸਥਿਤ ਰੰਜਿਸ਼ ਕਾਰਨ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਪੁੱਜੇ ਹਥਿਆਬੰਦ ਹਮਲਾਵਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਪਰਿਵਾਰ ਦੇ 4 ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਹਮਲੇ 'ਚ ਜ਼ਖਮੀ ਹੋਈ ਔਰਤ ਸਮੇਤ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਹਾਲਾਤ 'ਤੇ ਕਾਬੂ ਪਾਇਆ ਗਿਆ।

ਪੁਲਸ ਸੂਤਰਾਂ ਮੁਤਾਬਕ ਬਾਬਾ ਦੀਪ ਸਿੰਘ ਕਾਲੋਨੀ ਗੁਰੂ ਕੀ ਵਡਾਲੀ ਵਾਸੀ ਸਤਨਾਮ ਸਿੰਘ ਅਤੇ ਗੁਰਪਾਲ ਸਿੰਘ ਆਪਸ 'ਚ ਮਾਸੀ ਦੇ ਪੁੱਤ ਭਰਾ ਦੱਸੇ ਜਾ ਰਹੇ ਹਨ, ਕੁਝ ਸਮਾਂ ਪਹਿਲਾਂ ਸਤਨਾਮ ਸਿੰਘ ਕੋਲੋਂ ਰਜਿੰਦਰ ਸ਼ਰਮਾ ਡਰਾਈਵਰੀ ਕਰਦਾ ਸੀ, ਜਿਸ ਨੇ ਕਰੀਬ 3 ਮਹੀਨੇ ਪਹਿਲਾਂ ਡਰਾਈਵਰੀ ਛੱਡ ਦਿੱਤੀ ਸੀ। ਸਤਨਾਮ ਸਿੰਘ ਜੋ ਰਜਿੰਦਰ ਸ਼ਰਮਾ ਦੇ ਘਰ ਆਉਂਦਾ-ਜਾਂਦਾ ਸੀ, ਸਬੰਧੀ ਰਜਿੰਦਰ ਸ਼ਰਮਾ ਅਤੇ ਉਸ ਦੀ ਪਤਨੀ ਇਤਰਾਜ਼ ਕਰਦੇ ਸਨ। ਮੁਹੱਲਾ ਵਾਸੀਆਂ ਨੇ ਗੁਰਪਾਲ ਸਿੰਘ ਨੂੰ ਨਾਲ ਲੈ ਕੇ ਸਤਨਾਮ ਸਿੰਘ ਦੇ ਘਰ ਉਲ੍ਹਾਮਾ ਦਿੰਦਿਆਂ ਉਸ ਨੂੰ ਡਰਾਈਵਰ ਦੇ ਘਰ ਨਾਂ ਜਾਣ ਬਾਰੇ ਕਿਹਾ ਸੀ। ਇਸੇ ਰੰਜਿਸ਼ ਕਾਰਨ ਸਤਨਾਮ ਸਿੰਘ ਨੇ ਗੁਰਪਾਲ ਸਿੰਘ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪੁੱਜੇ ਸਤਨਾਮ ਸਿੰਘ ਅਤੇ ਉਸ ਦੇ 15-20 ਹੋਰ ਸਾਥੀਆਂ ਜਿਨ੍ਹਾਂ 'ਚ ਕੁਝ ਔਰਤਾਂ ਵੀ ਸਨ, ਨੇ ਗੁਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ।

ਇਸ ਹਮਲੇ 'ਚ ਗੁਰਪਾਲ ਸਿੰਘ ਦੀ ਪਤਨੀ ਸੰਦੀਪ ਕੌਰ, ਲੜਕਾ ਅਜੇਦੀਪ ਸਿੰਘ, ਗੁਰਸਿਮਰਨ ਸਿੰਘ, ਜਗਜੀਤ ਸਿੰਘ ਅਤੇ ਕਮਲਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਦੂਸਰੇ ਪਾਸੇ ਸਤਨਾਮ ਸਿੰਘ ਦੇ ਵੀ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਡਾਕਟਰਾਂ ਨੇ ਘਰ ਭੇਜ ਦਿੱਤਾ।

ਪੁਲਸ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰ ਰਹੀ ਹੈ, ਜੋ ਆਪਣੇ ਘਰਾਂ ਨੂੰ ਤਾਲੇ ਲਾ ਕੇ ਕਿਸੇ ਹੋਰ ਟਿਕਾਣੇ 'ਤੇ ਜਾ ਬੈਠੇ ਹਨ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਮ. ਐੱਲ. ਆਰ. ਰਿਪੋਰਟ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Baljeet Kaur

Content Editor

Related News