ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਵੱਡੀ ਸਾਜ਼ਿਸ਼ ਕਰ ਰਹੀ ਏ ਕੰਮ: ਖਾਲਸਾ
Tuesday, Jul 16, 2019 - 10:12 AM (IST)

ਅੰਮ੍ਰਿਤਸਰ (ਛੀਨਾ) - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਵਲੋਂ ਕਲੋਜ਼ਰ ਰਿਪੋਰਟ ਪੇਸ਼ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਤੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਤੇ ਸੀ. ਬੀ. ਆਈ. ਕਲੋਜ਼ਰ ਰਿਪੋਰਟ 'ਚ ਆਖ ਰਹੀ ਹੈ ਕਿ ਸਬੂਤ ਨਹੀਂ ਮਿਲੇ। ਇਸ ਤੋਂ ਸਾਬਤ ਹੁੰਦਾ ਹੈ ਕਿ ਦੋਸ਼ੀਆਂ ਨੂੰ ਬਚਾਉਣ ਪਿੱਛੇ ਕੋਈ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ 'ਚ ਜਾਂਚ ਕਮੇਟੀ ਨੇ 7 ਜੂਨ 2018 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰ ਪਾਲ ਬਿੱਟੂ, ਸ਼ਕਤੀ ਤੇ ਸੰਨੀ ਦਾ ਹੱਥ ਹੋਣ ਦਾ ਪਰਦਾਫਾਸ਼ ਕੀਤਾ ਸੀ ਪਰ ਮਾਮਲਾ ਸੀ. ਬੀ. ਆਈ. ਦੇ ਹੱਥ 'ਚ ਹੋਣ ਕਾਰਨ ਜਾਂਚ ਟੀਮ ਕਾਨੂੰਨੀ ਤੌਰ 'ਤੇ ਉਨ੍ਹਾਂ ਖਿਲਾਫ ਕੁਝ ਨਹੀਂ ਕਰ ਸਕੀ ਸੀ।
ਇਸ ਕਰਕੇ ਉਨ੍ਹਾਂ ਮੋਗਾ ਵਿਖੇ 2011 'ਚ ਹੋਈ ਬੱਸਾਂ ਦੀ ਸਾੜ-ਫੂਕ ਦੇ ਮਾਮਲੇ 'ਚ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਬੇਅਦਬੀ ਮਾਮਲੇ ਦੀਆਂ ਗਵਾਹੀਆਂ ਤੇ ਸਬੂਤ ਇਕੱਤਰ ਕਰ ਕੇ ਮੋਗਾ ਬੱਸ ਸਾੜ-ਫੂਕ ਕੇਸ 'ਚ ਫਰੀਦਕੋਟ ਦੀ ਜੇਲ 'ਚ ਬੰਦ ਉਕਤ ਤਿੰਨਾਂ ਦੋਸ਼ੀਆਂ ਦੇ ਧਾਰਾ 164 ਅਧੀਨ ਇਕਬਾਲੀਆ ਬਿਆਨ ਦਰਜ ਕੀਤੇ ਸਨ। ਸੀ. ਬੀ. ਆਈ. ਨੇ ਉਕਤ ਵਿਅਕਤੀਆਂ ਨੂੰ ਦੋਸ਼ੀ ਗਰਦਾਨਦੇ ਹੋਏ ਤਿੰਨਾਂ ਨੂੰ ਬੇਅਦਬੀ ਦੇ ਦਰਜ ਕੀਤੇ ਮਾਮਲੇ 'ਚ ਗ੍ਰਿਫਤਾਰ ਕਰ ਕੇ ਮੋਹਾਲੀ ਦੀ ਸੀ. ਬੀ. ਆਈ. ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਅਦਾਲਤ ਤੋਂ ਰਿਮਾਂਡ ਲੈ ਕੇ ਦਿੱਲੀ 'ਚ ਪੁੱਛਗਿੱਛ ਵੀ ਕੀਤੀ ਸੀ ਅਤੇ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਫਿਰ ਜੇਲ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਅਧਿਕਾਰੀਆਂ ਨੇ ਪੰਜਾਬ ਦੇ ਇਸ ਸੰਵੇਦਨਸ਼ੀਲ ਕੇਸ ਬਾਰੇ ਚੁੱਪ-ਚੁਪੀਤੇ 14 ਜੁਲਾਈ ਨੂੰ ਮੋਹਾਲੀ ਦੀ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਨੇ ਕੇਸ ਬੰਦ ਕਰਨ ਦੀ ਕੀਤੀ ਸਿਫਾਰਸ਼ ਬਾਰੇ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ, ਜਦੋਂ ਸੀ. ਬੀ. ਆਈ. ਕਲੋਜ਼ਰ ਰਿਪੋਰਟ 'ਚ ਆਖ ਰਹੀ ਹੈ ਕਿ ਸਬੂਤ ਨਹੀਂ ਮਿਲੇ।
ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਸ਼ੀਆਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਸਾਜ਼ਿਸ਼ ਰਚੀ ਗਈ ਹੈ, ਕਿਉਂਕਿ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਤੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਉਕਤ ਆਗੂਆਂ ਨੇ ਸੀ. ਬੀ. ਆਈ. ਅਧਿਕਾਰੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਆਪਣੇ ਇਸ ਫੈਸਲੇ 'ਤੇ ਮੁੜ ਗੰਭੀਰਤਾ ਨਾਲ ਵਿਚਾਰ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਤਾਂ ਜੋ ਭਵਿੱਖ 'ਚ ਮੁੜ ਕੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਜੁਰਅੱਤ ਨਾ ਕਰ ਸਕੇ। ਇਸ ਸਮੇਂ ਭਾਈ ਬਲਜੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਕਰਨਜੀਤ ਸਿੰਘ ਫਾਜ਼ਿਲਕਾ, ਭਾਈ ਮਨਦੀਪ ਸਿੰਘ ਆਦਿ ਹਾਜ਼ਰ ਸਨ।