ਅਕਾਲੀ ਸਰਪੰਚ ਨੇ ਐੱਸ.ਐੱਚ.ਓ. ''ਤੇ ਕਾਂਗਰਸ ਪਾਰਟੀ ''ਚ ਸ਼ਾਮਲ ਹੋਣ ਦਾ ਦਬਾਅ ਬਣਾਉਣ ਦੇ ਲਾਏ ਦੋਸ਼

09/24/2020 4:48:20 PM

ਅੰਮ੍ਰਿਤਸਰ (ਕੈਪਟਨ) : ਹਲਕਾ ਜੰਡਿਆਲਾ ਗੁਰੁ ਦੇ ਪਿੰਡ ਸ਼ਹੀਦ ਮਲਕੀਅਤ ਸਿੰਘ ਨਗਰ ਧਰਦਿਓ ਦੇ ਮੌਜੂਦਾ ਅਕਾਲੀ ਸਰਪੰਚ ਸੁਖਦੇਵ ਸਿੰਘ ਨੇ ਅਪਣੇ ਹੀ ਪਿੰਡ ਦੀ ਦੂਜੀ ਪੰਚਾਇਤ ਦੇ ਸਰਪੰਚ ਵਿਰੁੱਧ ਛੱਪੜ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਏ ਹਨ। ਉਕਤ ਸਰਪੰਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਧਰਦਿਓ ਦੀਆਂ ਤਿੰਨ ਪੰਚਾਇਤਾਂ ਹਨ। ਸਾਡੇ ਪਿੰਡ ਮਲਕੀਅਤ ਸਿੰਘ ਨਗਰ ਧਰਦਿਓ ਅਤੇ ਦੂਜੇ ਪਿੰਡ ਧਰਦਿਓ ਸਰਦਾਰਾਂ ਦੀ ਪੰਚਾਇਤ ਦਾ ਇਕ ਸਾਂਝਾ ਛੱਪੜ ਹੈ। ਕੁਝ ਸਮਾਂ ਪਹਿਲਾਂ ਇਸ ਛੱਪੜ 'ਚੋਂ ਵਾਧੂ ਮਿੱਟੀ ਦੀਆਂ 2 ਟਰਾਲੀਆਂ ਕੱਢ ਕੇ ਮੈਂ ਪਿੰਡ ਦੇ ਵਿਕਾਸ ਕੰਮਾਂ 'ਚ ਵਰਤੀਆਂ ਸਨ, ਜਿਸ 'ਤੇ ਦੂਜੀ ਪੰਚਾਇਤ ਦੇ ਕਾਂਗਰਸੀ ਸਰਪੰਚ ਨੇ ਪਾਰਟੀਬਾਜ਼ੀ ਤਹਿਤ ਮੇਰੇ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਵਾ ਦਿੱਤਾ ਸੀ।

ਹੁਣ ਉਕਤ ਸਰਪੰਚ ਨੇ ਖੁਦ ਇਸ ਛੱਪੜ 'ਚੋਂ ਮਿੱਟੀ ਦੀਆਂ ਟਰਾਲੀਆਂ ਕੱਢ ਕੇ ਵੇਚ ਦਿੱਤੀਆਂ ਹਨ, ਜਿਸ ਦਾ ਵਿਰੋਧ ਕਰਦਿਆਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਕੁਝ ਸਮਾਂ ਪਹਿਲਾਂ ਮਾਈਨਿੰਗ ਦਾ ਨਾਜਾਇਜ਼ ਪਰਚਾ ਮੇਰੇ ਖ਼ਿਲਾਫ਼ ਦਰਜ ਕਰਵਾਇਆ ਸੀ ਅਤੇ ਹੁਣ ਤੁਸੀਂ ਖੁਦ ਇਸ ਛੱਪੜ 'ਚੋਂ ਮਿੱਟੀ ਵੇਚ ਰਹੇ ਹੋ ਤਾਂ ਉਕਤ ਸਰਪੰਚ ਨੇ ਅਤੇ ਉਸ ਦੇ ਪੰਚਾਇਤ ਮੈਂਬਰਾਂ ਨੇ ਸਾਡੇ ਨਾਲ ਬਦਸਲੂਕੀ ਕਰਦਿਆਂ ਮੇਰੇ ਅਤੇ ਮੇਰੀ ਪੰਚਾਇਤ ਦੇ ਮੈਂਬਰਾਂ ਨਾਲ ਧੱਕਾਮੁੱਕੀ ਕੀਤੀ। ਇਸ ਸਾਰੇ ਮਾਮਲੇ ਦੀ ਸ਼ਿਕਾਇਤ ਅਸੀਂ ਥਾਣਾ ਮਹਿਤਾ ਦੀ ਪੁਲਸ ਨੂੰ ਕੀਤੀ ਸੀ ਪਰ ਪੁਲਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਥਾਣਾ ਮਹਿਤਾ ਦਾ ਐੱਸ.ਐੱਚ.ਓ. ਅਤੇ ਉਕਤ ਸਰਪੰਚ ਮੈਨੂੰ ਜ਼ਬਰਦਸਤੀ ਕਾਂਗਰਸ ਪਾਰਟੀ 'ਚ ਸ਼ਾਮਲ ਕਰਵਾਉਣ ਲਈ ਮੇਰੇ 'ਤੇ ਨਾਜਾਇਜ ਦਬਾਅ ਬਣਾ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੂੰ ਹਲਕੇ ਦੇ ਕਾਂਗਰਸੀ ਵਿਧਾਇਕ ਕੋਲ ਚਲਾ ਜਾਵੇਗਾ ਤਾਂ ਅਸੀਂ ਤੇਰੇ ਖ਼ਿਲਾਫ਼ ਦਰਜ ਹੋਇਆ ਮਾਈਨਿੰਗ ਦਾ ਪਰਚਾ ਰੱਦ ਕਰਵਾ ਦੇਵਾਂਗੇ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ

ਇਸ ਅਕਾਲੀ ਸਰਪੰਚ ਦੇ ਹੱਕ 'ਚ ਡੱਟਦਿਆਂ ਸਰਕਲ ਮਹਿਤਾ ਦੇ ਪ੍ਰਧਾਨ ਜਥੇ. ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਇਸ ਮਾਮਲੇ ਦੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਉਨਾਂ ਇਹ ਵੀ ਕਿਹਾ ਕਿ ਜੇਕਰ ਅਕਾਲੀ ਦਲ ਦੇ ਸਰਪੰਚ ਨੂੰ ਨਾਜਾਇਜ ਦਬਾਉਣਾਂ ਬੰਦ ਨਾ ਕੀਤਾ ਤਾਂ ਅਸੀਂ ਵੱਡਾ ਸਘੰਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਾਂਗਰਸੀ ਸਰਪੰਚ ਵਲੋਂ ਛੱਪੜ ਦੀ ਕੀਤੀ ਗਈ ਨਾਜਾਇਜ਼ ਮਾਈਨਿੰਗ ਦਾ ਪਰਚਾ ਤੁਰੰਤ ਦਰਜ ਕੀਤੇ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ:  ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਉਧਰ ਜਦੋਂ ਇਸ ਮਾਮਲੇ ਸਬੰਧੀ ਕਾਂਗਰਸੀ ਸਰਪੰਚ ਰਣਜੀਤ ਸਿੰਘ ਰਾਣਾ ਸ਼ਾਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੈਂ ਸਰਪੰਚ ਸੁਖਦੇਵ ਸਿੰਘ ਵਿਰੁੱਧ ਪਰਚਾ ਦਰਜ ਕਰਵਾਇਆ ਹੈ। ਉਕਤ ਪਰਚਾ ਪੰਚਾਇਤ ਵਿਭਾਗ ਦੇ ਕਹਿਣ 'ਤੇ ਹੋਇਆ ਹੈ। ਮੇਰੇ 'ਤੇ ਲਾਏ ਸਾਰੇ ਦੋਸ਼ ਗਲਤ ਹਨ।ਉਨ੍ਹਾਂ ਦੱਸਿਆ ਕਿ ਹੁਣ ਇਸ ਛੱਪੜ 'ਚੋਂ ਮਿੱਟੀ ਮੈਂ ਨਹੀਂ ਕੱਢਵਾਈ। ਦਰਅਸਲ, ਖੇਤਾਂ 'ਚ ਝੋਨੇ ਦੀ ਫਸਲ ਹੋਣ ਕਾਰਣ ਬਾਹਰੋਂ ਮਿੱਟੀ ਨਾ ਮਿਲਣ ਕਰ ਕੇ ਪਿੰਡ ਵਾਸੀਆਂ ਨੇ ਛੱਪੜ 'ਚ ਪਈ ਵਾਧੂ ਮਿੱਟੀ ਕੱਢ ਕੇ ਪਿੰਡ ਦੀਆਂ ਗਲੀਆਂ 'ਚ ਭਰਤੀ ਪਾਉਣ ਲਈ ਵਰਤੀ ਹੈ। ਇਸ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ।ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਲਈ ਇਸ ਸਰਪੰਚ ਉਪਰ ਮੇਰਾ ਕੋਈ ਦਬਾਅ ਨਹੀਂ ਹੈ।

ਇਹ ਵੀ ਪੜ੍ਹੋ:  ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)

ਥਾਣਾ ਮੁਖੀ ਨੇ ਆਪਣਾ ਤਰਕ ਦਿੰਦਿਆਂ ਦੱਸਿਆ ਕਿ ਅਸੀਂ ਪੰਚਾਇਤ ਵਿਭਾਗ ਵਲੋਂ ਮਿਲੀ ਸ਼ਿਕਾਇਤ 'ਤੇ ਸਰਪੰਚ ਸੁਖਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਸਤਪਤਲ ਸਿੰਘ ਨੇ ਕਿਹਾ ਕਿ ਮੈਂ ਇਸ ਅਕਾਲੀ ਸਰਪੰਚ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਲਈ ਕੋਈ ਦਬਾਅ ਨਹੀਂ ਬਣਾ ਰਿਹਾ। ਹਰ ਨਾਗਰਿਕ ਹੱਕ ਹੈ ਕਿ ਉਹ ਆਪਣੀ ਮਨਜ਼ੀ ਨਾਲ ਕਿਸੇ ਵੀ ਪਾਰਟੀ 'ਚ ਜਾ ਸਕਦਾ ਹੈ। ਪੁਲਸ ਦਾ ਇਸ ਨਾਲ ਕੋਈ ਵਾਸਤਾ ਨਹੀਂ ਹੈ। ਪੁਲਸ ਦਾ ਕੰਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਅਤੇ ਇਲਾਕੇ 'ਚ ਅਮਨਸ਼ਾਂਤੀ ਬਰਕਰਾਰ ਰੱਖਣਾ ਹੈ।


Baljeet Kaur

Content Editor

Related News