ਅੰਮ੍ਰਿਤਸਰ ਤੋਂ 2 ਖਾਲਿਸਤਾਨੀ ਅੱਤਵਾਦੀ ਗ੍ਰਿਫਤਾਰ
Saturday, Jun 20, 2020 - 12:11 AM (IST)
ਅੰਮ੍ਰਿਤਸਰ/ਚੰਡੀਗੜ੍ਹ,(ਰਮਨਜੀਤ) : ਪੰਜਾਬ ਪੁਲਸ ਨੇ ਵੀਰਵਾਰ ਰਾਤ ਇਕ ਹੋਰ ਅੱਤਵਾਦੀ ਗਰੁੱਪ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ 'ਚ 2 ਕਥਿਤ ਖਾਲਿਸਤਾਨੀ ਅੱਤਵਾਦੀਆਂ ਦੀ ਗ੍ਰਿਫਤਾਰੀ ਕੀਤੀ ਗਈ, ਜੋ ਪਾਕਿਸਤਾਨੀ ਮਾਸਟਰਮਾਈਂਡ ਤੇ ਹੈਂਡਲਰਸ ਦੇ ਇਸ਼ਾਰਿਆਂ 'ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਉਥਲ-ਪੁਥਲ ਮਚਾਉਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਕੋਲੋਂ ਜਰਮਨ ਦੀਆਂ ਬਣੀਆਂ ਐੱਮ. ਪੀ. 5 ਸਬ-ਮਸ਼ੀਨ ਗੰਨ, ਇਕ 9 ਐੱਮ. ਐੱਮ. ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ ਸੰਦੇਸ਼, ਫੋਟੋ ਵਾਲੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਮੋਬਾਇਲ ਫੋਨਾਂ 'ਚੋਂ ਪਾਕਿਸਤਾਨ ਆਧਾਰਿਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖੁਲ੍ਹਾਸਾ ਹੋਇਆ, ਜਿਨ੍ਹਾਂ 'ਚ ਫੋਟੋ, ਵਾਇਸ ਮੈਸੇਜ ਅਤੇ ਵਿਸ਼ੇਸ਼ ਭੂ-ਸਥਾਨ ਦੇ ਨਿਰਦੇਸ਼ਕ ਸ਼ਾਮਲ ਹਨ। ਇਸ ਤੋਂ ਇਲਾਵਾ ਖਾਲਿਸਤਾਨ ਦੇ ਗਠਨ ਨਾਲ ਸੰਬੰਧਿਤ ਵੱਡੀ ਕਿਸਮ ਦੀਆਂ ਪੋਸਟਾਂ ਅਤੇ ਵੈਬ-ਲਿੰਕ ਵੀ ਗੁਰਮੀਤ ਸਿੰਘ ਦੇ ਮੋਬਾਇਲ ਫੋਨ 'ਚ ਪਾਏ ਗਏ, ਜੋ ਪਾਕਿਸਤਾਨ ਵਲੋਂ ਸਪਾਂਸਰ ਆਈ. ਐਸ. ਆਈ. ਅਤੇ ਭਾਰਤ ਵਿਰੋਧੀ ਤੱਤਾਂ ਦੇ ਨਾਲ ਬਕਾਇਦਾ ਸੰਪਰਕ 'ਚ ਸੀ। ਇਸ ਸੰਬੰਧੀ 120 ਬੀ,121 ਆਈ. ਪੀ. ਸੀ., 25,54,59 ਆਰਮਜ਼ ਐਕਟ ਆਰ ਡਬਲਯੂ 13,17,18, 18ਬੀ, 20 ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਐਫ. ਆਈ. ਆਰ. ਨੰਬਰ 184 ਦਰਜ ਕੀਤੀ ਗਈ।
3 ਸਾਲ ਪਹਿਲਾਂ ਪਾਕਿਸਤਾਨ 'ਚ ਪ੍ਰਬੰਧਕਾਂ ਨੂੰ ਮਿਲਣ ਗਿਆ ਸੀ ਗੁਰਮੀਤ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਅੰਮ੍ਰਿਤਸਰ ਗ੍ਰਾਮੀਣ ਪੁਲਸ ਨੇ ਜੀ. ਟੀ. ਰੋਡ, ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਨੇੜੇ ਇਕ ਜਗ੍ਹਾ 'ਤੇ ਛਾਪਾ ਮਾਰ ਕੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕੀਤਾ। ਡੀ. ਜੀ. ਪੀ. ਮੁਤਾਬਕ ਗੰਡਾ ਸਿੰਘ ਕਾਲੋਨੀ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਨਿਵਾਸੀ 44 ਸਾਲਾਂ ਗੁਰਮੀਤ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਤਸਵੀਰਾਂ ਅਤੇ ਵਾਇਸ ਸੰਦੇਸ਼ ਪਾਕਿਸਤਾਨ ਆਧਾਰਿਕ ਹੈਂਡਲਰਾਂ ਵਲੋਂ ਸ਼ੇਅਰ ਕੀਤੇ ਗਏ ਸਨ। ਗੁਰਮੀਤ ਨੇ ਦੱਸਿਆ ਕਿ ਉਹ ਪ੍ਰਬੰਧਕਾਂ ਨੂੰ ਮਿਲਣ ਲਈ ਕਰੀਬ 3 ਸਾਲ ਪਹਿਲਾਂ ਪਾਕਿਸਤਾਨ ਗਿਆ ਸੀ। ਉਹ ਪਹਿਲਾਂ ਆਪਣੇ ਭਰਾ ਦੇ ਨਾਲ ਧੋਖਾਧੜੀ ਦੇ ਇਕ ਕੇਸ 'ਚ ਸ਼ਾਮਲ ਸਨ। ਉਸ ਦੇ ਖਿਲਾਫ ਥਾਣਾ ਬੀ-ਡਿਵੀਜ਼ਨ, ਅੰਮ੍ਰਿਤਸਰ 'ਚ ਕੇਸ ਦਰਜ ਕੀਤਾ ਗਿਆ ਸੀ। ਡੀ. ਜੀ. ਪੀ. ਨੇ ਕਿਹਾ ਕਿ ਅੱਤਵਾਦੀ ਮੋਡੀਊਲ ਦੇ ਪਾਕਿ ਆਧਾਰਿਤ ਮਾਸਟਰਮਾਈਂਡ ਅਤੇ ਹੈਂਡਲਰਾਂ ਦੀ ਪਛਾਣ ਤੈਅ ਕਰਨ ਦੀ ਕੋਸ਼ਿਸ਼ ਜਾਰੀ ਹੈ।