ਅੰਮ੍ਰਿਤਸਰ : 9 ਮਹੀਨਿਆਂ ''ਚ 198 ਲੋਕ ਭੇਤਭਰੀ ਹਾਲਤ ''ਚ ਹੋਏ ਲਾਪਤਾ

Thursday, Oct 31, 2019 - 10:24 AM (IST)

ਅੰਮ੍ਰਿਤਸਰ : 9 ਮਹੀਨਿਆਂ ''ਚ 198 ਲੋਕ ਭੇਤਭਰੀ ਹਾਲਤ ''ਚ ਹੋਏ ਲਾਪਤਾ

ਅੰਮ੍ਰਿਤਸਰ (ਜ. ਬ.) : 2019 ਅਜੇ ਬੀਤਣ ਨੂੰ 2 ਮਹੀਨੇ ਦਾ ਸਮਾਂ ਹੈ, ਅਜਿਹੇ 'ਚ 1 ਜਨਵਰੀ ਤੋਂ 30 ਸਤੰਬਰ ਤੱਕ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ 198 ਲੋਕ ਭੇਤਭਰੀ ਹਾਲਤ 'ਚ ਲਾਪਤਾ ਹੋ ਚੁੱਕੇ ਹਨ, ਜਿਨ੍ਹਾਂ 'ਚ ਸਭ ਤੋਂ ਵੱਧ ਔਰਤਾਂ ਅਤੇ ਲੜਕੀਆਂ ਹਨ। ਖਾਸ ਗੱਲ ਹੈ ਕਿ ਗਾਇਬ ਹੋਣ ਵਾਲੀਆਂ ਲੜਕੀਆਂ 'ਚ 45 ਦਿਨ ਤੋਂ ਲੈ ਕੇ 18 ਸਾਲ ਦੇ 'ਚ ਸਭ ਤੋਂ ਜ਼ਿਆਦਾ ਹਨ। ਬਜ਼ੁਰਗਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਉਮਰ ਗਾਇਬ ਹੋਣ ਵਾਲਿਆਂ ਵਿਚ 88 ਸਾਲ ਹੈ।

ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਦਿੱਤੇ ਗਏ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਸਾਫ ਪਤਾ ਲੱਗਦਾ ਹੈ ਕਿ ਬੀਤੇ 9 ਮਹੀਨਿਆਂ 'ਚ 100 ਤੋਂ ਵੱਧ ਔਰਤਾਂ ਅਤੇ ਨਾਬਾਲਗ ਲੜਕੀਆਂ ਗਾਇਬ ਹੋਈਆਂ ਹਨ। ਅਜਿਹੇ 'ਚ ਪੁਲਸ ਨੇ ਵੱਖ-ਵੱਖ ਥਾਣਿਆਂ 'ਚ ਡੀ. ਡੀ. ਆਰ. ਦਰਜ ਕਰ ਕੇ ਇਸ ਬਾਰੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ 'ਚ ਸਪੈਸ਼ਲ ਸੈੱਲ ਦਾ ਗਠਨ ਕੀਤਾ ਹੈ, ਜੋ ਕਿ ਇਕ ਵਿੰਗ ਦੀ ਤਰ੍ਹਾਂ ਗਾਇਬ ਹੋਏ ਲੋਕਾਂ ਬਾਰੇ ਜਾਣਕਾਰੀਆਂ ਹਾਸਲ ਕਰੇਗਾ।

ਵੈਸਟ ਬੰਗਾਲ ਦੇ ਰਹਿਣ ਵਾਲੇ ਪਰਿਤੋਸ਼ ਹੈਦਰ ਦੀ 45 ਦਿਨ ਦੀ ਧੀ ਰੱਖੜੀ ਬੀਤੀ 7 ਅਗਸਤ ਨੂੰ ਘਰ ਦੇ ਬਾਹਰੋਂ (ਬਾਈਪਾਸ ਮਜੀਠਾ ਰੋਡ, ਗੰਦਾ ਨਾਲਾ) ਭੇਤਭਰੀ ਹਾਲਤ 'ਚ ਗਾਇਬ ਹੋ ਗਈ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸੇ ਤਰ੍ਹਾਂ 88 ਸਾਲ ਦੇ ਕਰਮ ਸਿੰਘ ਕਰੀਬ 3 ਮਹੀਨੇ ਤੋਂ ਗਾਇਬ ਹਨ। ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਆਪਣੀਆਂ ਭੈਣਾਂ ਜਾਂ ਬੇਟੀਆਂ ਨਾਲ ਡੀ. ਡੀ. ਆਰ. 'ਚ ਗੁੰਮਸ਼ੁਦਗੀ ਵਿਚ ਦਰਜ ਹਨ। ਕੁਲ ਮਿਲਾ ਕੇ ਸ਼ਹਿਰ ਵਿਚ ਹੀ ਨਜ਼ਰ ਪਾਈਏ ਤਾਂ 9 ਮਹੀਨਿਆਂ 'ਚ 198 ਦੀ ਗਿਣਤੀ ਦੱਸਦੀ ਹੈ ਕਿ ਭੇਤਭਰੀ ਹਾਲਤ 'ਚ ਗਾਇਬ ਹੋਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਤੋਂ ਵਧੀ ਹੈ।

ਹਰ ਮਹੀਨੇ 20 ਤੋਂ 22 ਲੋਕ ਹੋ ਰਹੇ ਹਨ ਲਾਪਤਾ
ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਹਰ ਮਹੀਨੇ 20 ਤੋਂ 22 ਲੋਕ ਭੇਤਭਰੀ ਹਾਲਤ 'ਚ ਲਾਪਤਾ ਹੋ ਰਹੇ ਹਨ। ਅਜਿਹੇ ਲੋਕਾਂ ਦੀ ਡੀ. ਡੀ. ਆਰ. ਇਲਾਕੇ ਦੇ ਥਾਣੇ 'ਚ ਕੱਟੀ ਜਾਂਦੀ ਹੈ। ਉਸ ਤੋਂ ਬਾਅਦ ਉਸ ਦੀ ਸਾਰੀ ਡਿਟੇਲ ਪੁਲਸ ਕਮਿਸ਼ਨਰ ਸਥਿਤ ਸਪੈਸ਼ਲ ਗੁੰਮਸ਼ੁਦਗੀ ਸੈੱਲ ਨੂੰ ਭੇਜ ਦਿੱਤੀ ਜਾਂਦੀ ਹੈ। ਅਜਿਹੇ 'ਚ ਹਰ ਮਹੀਨੇ ਸ਼ਹਿਰ 'ਚ 20 ਤੋਂ 22 ਲੋਕਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਪਿੱਛੇ ਕਹਾਣੀ ਕੀ ਹੈ, ਇਹੀ ਜਾਂਚ ਦਾ ਵਿਸ਼ਾ ਹੈ।

ਮਨੁੱਖੀ ਸਮੱਗਲਿੰਗ ਨਾਲ ਵੀ ਜੁੜ ਸਕਦੇ ਹਨ ਤਾਰ
ਜਿਸ ਤਰ੍ਹਾਂ 45 ਦਿਨਾਂ ਦੀ ਬੱਚੀ ਜਾਂ 14 ਤੋਂ 17 ਸਾਲ ਵਿਚ ਲੜਕੀਆਂ ਨੂੰ ਵਰਗਲਾ ਕੇ ਗਾਇਬ ਕੀਤਾ ਜਾ ਰਿਹਾ ਹੈ, ਅਜਿਹੇ 'ਚ ਇਸ ਗਿਰੋਹ ਪਿੱਛੇ ਮਨੁੱਖੀ ਸਮੱਗਲਿੰਗ ਨਾਲ ਵੀ ਤਾਰ ਜੁੜੇ ਹੋ ਸਕਦੇ ਹਨ। ਗਾਇਬ ਹੋਣ ਵਾਲੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਸਭ ਤੋਂ ਵੱਧ ਗਾਇਬ ਹੋਣ ਵਾਲੀਆਂ ਅਜਿਹੀਆਂ ਲੜਕੀਆਂ ਹਨ ਜੋ ਅਜੇ ਬਾਲਗ ਨਹੀਂ ਹਨ। ਅਜਿਹੇ 'ਚ ਸਮਾਜ ਕਿਸ ਵੱਲ ਜਾ ਰਿਹਾ ਹੈ ਅਤੇ ਅਸੀਂ ਕੀ-ਕੀ ਸਾਵਧਾਨੀਆਂ ਵਰਤ ਸਕਦੇ ਹਾਂ, ਇਸ ਦਾ ਧਿਆਨ ਸਾਨੂੰ ਸਾਰਿਆਂ ਨੂੰ ਰੱਖਣਾ ਬੇਹੱਦ ਲਾਜ਼ਮੀ ਹੈ।

ਪ੍ਰੇਮ ਪ੍ਰਸੰਗ ਅਤੇ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ
ਨਾਬਾਲਗ ਲੜਕੀਆਂ ਦੇ ਗਾਇਬ ਹੋਣ ਦੀ ਗਿਣਤੀ ਬੀਤੇ 9 ਮਹੀਨਿਆਂ 'ਚ 40 ਤੋਂ 50 ਦੇ ਕਰੀਬ ਹੈ। ਅਜਿਹੇ 'ਚ ਇਨ੍ਹਾਂ ਲੜਕੀਆਂ ਦੇ ਘਰੋਂ ਗਾਇਬ ਹੋਣ ਪਿੱਛੇ ਜਿਥੇ ਕਿਤੇ ਨਾ ਕਿਤੇ ਪ੍ਰੇਮ ਪ੍ਰਸੰਗ ਜਾਂ ਛਲਾਵਾ ਜ਼ਿੰਮੇਵਾਰ ਹੈ, ਉਥੇ ਹੀ ਸੋਸ਼ਲ ਮੀਡੀਆ ਦਾ ਵੱਧਦਾ ਪ੍ਰਚਲਨ ਵੀ ਸਮਾਜ ਨੂੰ ਪਤਨ ਵੱਲ ਲਿਜਾ ਰਿਹਾ ਹੈ। ਅਜਿਹੇ 'ਚ ਸਮਾਜ ਨੂੰ ਬਚਾਉਣ ਲਈ ਜਾਗਰੂਕਤਾ ਅਭਿਆਨ ਹਰ ਸਕੂਲ-ਕਾਲਜ ਵਿਚ ਚਲਾਉਣਾ ਜ਼ਰੂਰੀ ਹੈ।

ਗੁੰਮਸ਼ੁਦਾ ਲੋਕਾਂ ਲਈ ਬਣਾਇਆ ਸਪੈਸ਼ਲ ਸੈੱਲ : ਕਮਿਸ਼ਨਰ ਗਿੱਲ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ 'ਚ ਗੁੰਮਸ਼ੁਦਾ ਲੋਕਾਂ ਲਈ ਸਪੈਸ਼ਲ ਸੈੱਲ ਬਣਾਇਆ ਗਿਆ ਹੈ, ਜਿਥੇ ਅਜਿਹੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਇਸ ਨੂੰ ਬਾਕੀ ਸ਼ਹਿਰ ਅਤੇ ਰਾਜਾਂ ਦੀ ਪੁਲਸ ਕੋਲ ਭੇਜਿਆ ਜਾਂਦਾ ਹੈ। ਹਰ ਪੁਲਸ ਸਟੇਸ਼ਨ 'ਤੇ ਇਸ ਦਾ ਪੂਰਾ ਡਾਟਾ ਜਿਥੇ ਹਰ ਰੋਜ਼ ਅਪਡੇਟ ਹੁੰਦਾ ਹੈ, ਉਥੇ ਹੀ ਪੰਜਾਬ ਪੁਲਸ ਦੀ ਅਧਿਕਾਰਕ ਵੈੱਬਸਾਈਟ 'ਤੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਰਹੱਸਮਈ ਢੰਗ ਨਾਲ ਗਾਇਬ ਹੋਣ ਵਾਲੀਆਂ ਔਰਤਾਂ ਦੇ ਵੱਖ-ਵੱਖ ਕਾਰਣ ਹੁੰਦੇ ਹਨ, ਪ੍ਰੇਮ ਪ੍ਰਸੰਗ, ਅਗਵਾ ਜਾਂ ਫਿਰ ਮਾਨਵ ਸਮੱਗਲਿੰਗ। ਹਰ ਬਿੰਦੂ 'ਤੇ ਜਾਂਚ ਕੀਤੀ ਜਾਂਦੀ ਹੈ। ਪੁਲਸ ਦੀ ਇਹੀ ਕੋਸ਼ਿਸ਼ ਹੈ ਕਿ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਛੇਤੀ ਤੋਂ ਛੇਤੀ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨਾਲ ਮਿਲਾਇਆ ਜਾਵੇ।


author

Baljeet Kaur

Content Editor

Related News