ਨਸ਼ਿਆਂ ਨੂੰ ਖਤਮ ਕਰਨ ਲਈ ਐੱਸ. ਟੀ. ਐੱਫ. ਚੁੱਕ ਰਹੀ ਹੈ ਸਖਤ ਕਦਮ: ਕੈਪਟਨ
Monday, Aug 14, 2017 - 07:05 PM (IST)
ਅੰਮ੍ਰਿਤਸਰ (ਪੁਰੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਕਈ ਮੁੱਦਿਆਂ ਸਮੇਤ ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ 'ਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ, 70 ਫੀਸਦੀ ਇਲਾਕਾ ਡਾਰਕ ਜ਼ੋਨ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ 'ਚ ਅੱਪਰਬਾਰੀ ਦੁਆਬ ਨਦੀ 'ਚੋਂ ਪਾਣੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦੀ ਮਾਲੀ ਹਾਲਤ ਕਾਫੀ ਕਮਜ਼ੋਰ ਹੋ ਚੁੱਕੀ ਹੈ, ਉਸ 'ਚ ਸੁਧਾਰ ਲਿਆਂਦਾ ਜਾ ਰਿਹਾ ਹੈ। ਈ-ਗਵਰਨੈੱਸ ਲਈ ਕਪਤਾਨ-ਏ-ਸੇਵਾ ਨਾਂ ਦੀ ਐਪ ਲਾਂਚ ਕੀਤੀ ਜਾ ਰਹੀ ਹੈ।
ਨਰਮੇ ਦੀ ਫਸਲ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿਰਫ ਮਾਨਸਾ 'ਚ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਬਾਕੀ ਥਾਂ ਸਭ ਠੀਕ ਹੈ। ਨਸ਼ਿਆਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨੂੰ ਪੰਜਾਬ 'ਚੋਂ ਖਤਮ ਕਰਨ ਲਈ ਐੱਸ. ਟੀ. ਐੱਫ. ਸਖਤ ਤੋਂ ਸਖਤ ਕਦਮ ਚੁੱਕ ਰਹੀ ਹੈ। ਨਸ਼ੇ ਵੇਚਣ ਵਾਲਿਆਂ 'ਚੋਂ ਤਕਰੀਬਨ 4 ਹਜ਼ਾਰ ਵਿਅਕਤੀ ਜੇਲਾਂ 'ਚ ਡੱਕੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਘੱਟ ਗਿਣਤੀ ਲੋਕ ਅਸਰੁੱਖਿਅਤ ਨਹੀਂ ਹਨ।
