ਭਾਜਪਾ ਨੇ ਪੰਜਾਬ ’ਚ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚੀ, ਅਮਿਤ ਸ਼ਾਹ ਦੀ ਪਲੇਠੀ ਰੈਲੀ 29 ਨੂੰ

Sunday, Jan 15, 2023 - 06:40 PM (IST)

ਭਾਜਪਾ ਨੇ ਪੰਜਾਬ ’ਚ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚੀ, ਅਮਿਤ ਸ਼ਾਹ ਦੀ ਪਲੇਠੀ ਰੈਲੀ 29 ਨੂੰ

ਚੰਡੀਗੜ੍ਹ/ਪਟਿਆਲਾ (ਪਰਮੀਤ) : ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਅਗਾਉਂ ਤਿਆਰੀ ਖਿੱਚ ਲਈ ਹੈ। ਇਸ ਮਕਸਦ ਲਈ ਪਾਰਟੀ ਨੇ ਉਨ੍ਹਾਂ ਲੋਕ ਸਭਾ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿਥੇ ਪਾਰਟੀ ਦੇ ਜਿੱਤ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਇਸ ਕੜੀ ਵਿਚ ਪਟਿਆਲਾ ਸੀਟ ਨੂੰ ਭਾਜਪਾ ਆਪਣੇ ਲਈ ਮਜ਼ਬੂਤ ਸੀਟ ਮੰਨ ਕੇ ਚੱਲ ਰਹੀ ਹੈ। ਇਸੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਪਹੁੰਚ ਰਹੇ ਹਨ ਜਿਥੇ ਉਹ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਅਮਿਤ ਸ਼ਾਹ ਦੀ ਇਸ ਪਲੇਠੀ ਰੈਲੀ ਨਾਲ ਹੋਰ ਵਿਰੋਧੀ ਪਾਰਟੀਆਂ ਦੇ ਹੱਕਾ-ਬੱਕਾ ਰਹਿਣ ਦੇ ਆਸਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਲੇ ਤੱਕ ਕਿਸੇ ਵੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕੋਈ ਵਿਉਂਤਬੰਦੀ ਇਸ ਤਰੀਕੇ ਨਾਲ ਨਹੀਂ ਕੀਤੀ ਕਿ ਜ਼ਮੀਨੀ ਪੱਧਰ ’ਤੇ ਗਤੀਵਿਧੀਆਂ ਸ਼ੁਰੂ ਹੋਈਆਂ ਜਾਪਦੀਆਂ ਹੋਣ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਲੁਧਿਆਣਾ ਦੇ ਇੰਚਾਰਜ ਹਰਿੰਦਰ ਕੋਹਲੀ ਨੇ 29 ਜਨਵਰੀ ਨੂੰ ਪਟਿਆਲਾ ਵਿਚ ਅਮਿਤ ਸ਼ਾਹ ਦੀ ਰੈਲੀ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਕੈਪਟਨ ਅਮਰਿੰਦਰ ਦਾ ਪਰਿਵਾਰ ਟਿਕਟ ਦਾ ਦਾਅਵੇਦਾਰ

ਭਾਜਪਾ ਦੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਟਿਕਟ ਦਾ ਮਜ਼ਬੂਤ ਦਾਅਵੇਦਾਰ ਹੈ। ਮੌਜੂਦਾ ਸਮੇਂ ਵਿਚ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਐੱਮ. ਪੀ. ਹਨ ਪਰ ਜ਼ਾਹਰਾ ਤੌਰ ’ਤੇ ਆਖਿਆ ਹੋਇਆ ਹੈ ਕਿ ਉਨ੍ਹਾਂ ਲਈ ਪਰਿਵਾਰ ਪਹਿਲਾਂ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪੁੱਤਰੀ ਬੀਬਾ ਜੈਇੰਦਰ ਕੌਰ ਲਈ ਟਿਕਟ ਦੇ ਇਛੁੱਕ ਹਨ। ਸੂਤਰ ਦੱਸਦੇ ਹਨ ਕਿ 29 ਜਨਵਰੀ ਦੀ ਰੈਲੀ ਦੀ ਤਿਆਰੀ ਦੀ ਸਾਰੀ ਕਮਾਂਡ ਵੀ ਬੀਬਾ ਜੈਇੰਦਰ ਕੌਰ ਹੀ ਸੰਭਾਲ ਰਹੇ ਹਨ। ਸੰਭਾਵਨਾ ਹੈ ਕਿ ਅਮਿਤ ਸ਼ਾਹ ਬੀਬਾ ਜੈਇੰਦਰ ਕੌਰ ਦੇ ਨਾਂ ਦਾ ਰਸਮੀ ਐਲਾਨ ਕਰਨ ਦੀ ਥਾਂ ਉਨ੍ਹਾਂ ਦੇ ਨਾਂ ਵੱਲ ਇਸ਼ਾਰਾ ਕਰਕੇ ਵਰਕਰਾਂ ਨੂੰ ਸੰਕੇਤ ਦੇ ਦੇਣ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦਾ ਕਰੀਬੀ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਵੱਡੇ ਖੁਲਾਸੇ ਹੋਣ ਦੀ ਉਮੀਦ

ਜਨਮ ਦਿਨ ’ਤੇ ਕੀਤੀ ਸਿਆਸੀ ਚਰਚਾ

ਇਸ ਦੌਰਾਨ ਅੱਜ 15 ਜਨਵਰੀ ਨੂੰ ਬੀਬਾ ਜੈਇੰਦਰ ਕੌਰ ਦੇ ਜਨਮ ਦਿਨ ’ਤੇ ਇਕ ਵਿਸ਼ੇਸ਼ ਪਾਰਟੀ ਰੱਖੀ ਗਈ ਸੀ ਜਿਸ ਵਿਚ ਸਿਆਸੀ ਗਤੀਵਿਧੀਆਂ ’ਤੇ ਚਰਚਾ ਹੋਈ। ਇਸ ਵਿਚ ਅਮਿਤ ਸ਼ਾਹ ਦੀ ਰੈਲੀ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਹੋਈ। ਬੀਬਾ ਜੈਇੰਦਰ ਕੌਰ ਵੱਲੋਂ ਰੈਲੀ ਸਬੰਧੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਗੁਰਦੁਆਰਾ ਸਾਹਿਬ ਤੇ ਮੰਦਿਰ ਨਤਮਸਤਕ ਹੋਣਗੇ ਅਮਿਤ ਸ਼ਾਹ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ 29 ਜਨਵਰੀ ਨੂੰ ਸਵੇਰੇ 10 ਵਜੇ ਪਟਿਆਲਾ ਪਹੁੰਚ ਜਾਣਗੇ। ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਮਾਤਾ ਕਾਲੀ ਦੇਵੀ ਮੰਦਿਰ ਨਤਮਸਤਕ ਹੋਣਗੇ। ਇਸ ਉਪਰੰਤ ਇਕ ਵਰਕਰ ਮੀਟਿੰਗ ਕਰਨਗੇ ਤੇ ਫਿਰ ਵੀਰ ਹਕੀਕਤ ਰਾਏ ਗਰਾਊਂਡ ਵਿਚ ਰੈਲੀ ਕਰਨਗੇ। ਉਂਝ ਰੈਲੀ ਦੀ ਥਾਂ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਇਸੇ ਥਾਂ ਬਾਰੇ ਆਮ ਰਾਏ ਬਣ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News