ਅਮਿਤ ਸ਼ਾਹ ਦਾ ਐਲਾਨ, ਐਨ.ਡੀ.ਏ. ਵਲੋਂ ਰਾਮਨਾਥ ਕੋਵਿੰਦ ਹੋਣਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ
Monday, Jun 19, 2017 - 03:11 PM (IST)

ਨਵੀਂ ਦਿੱਲੀ — ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਰਾਸ਼ਟਰੀ ਜਮਹੂਰੀ ਗਠਜੋੜ(ਰਾਜਗ) ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ। ਇਹ ਐਲਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪਾਰਟੀ ਦੀ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਦਫਤਰ 'ਚ ਪ੍ਰੈਸ ਕਾਨਫਰੰਸ 'ਚ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਦੇ ਬਾਰੇ ਰਾਜਗ ਦੇ ਸਾਰੇ ਸਹਿਯੋਗੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਉਮੀਦਵਾਰ ਦੇ ਨਾਮ ਲਈ ਜਾਣੂ ਕਰਵਾ ਦਿੱਤਾ ਹੈ। ਸ਼ਾਹ ਨੇ ਉਮੀਦ ਜਤਾਈ ਹੈ ਕਿ ਕੋਵਿੰਦ ਨੂੰ ਚੋਣਾਂ 'ਚ ਸਾਰੇ ਰਾਜਨੀਤਕ ਦਲਾਂ ਦਾ ਸਮਰਥਨ ਮਿਲੇਗਾ।
Bihar Governor Ramnath Kovind has been declared as NDA's candidate for president. pic.twitter.com/YzYRl3ZRQo
— ANI (@ANI_news) June 19, 2017
ਅਮਿਤ ਸ਼ਾਹ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਭਾਜਪਾ ਅਤੇ ਰਾਜਗ ਨੇ ਵੱਖ-ਵੱਖ ਦਲਾਂ ਦੇ ਨਾਲ ਰਾਸ਼ਟਰਪਤੀ ਉਮੀਦਵਾਰ ਨੂੰ ਲੈ ਵਿਚਾਰ-ਚਰਚਾ ਕੀਤੀ । ਇਸ ਤੋਂ ਸਾਹਮਣੇ ਆਏ ਵਿਚਾਰਾਂ ਦੇ ਅਧਾਰ 'ਤੇ ਅੱਜ ਸੰਸਦੀ ਬੋਰਡ ਦੀ ਲੰਬੀ ਸੂਚੀ 'ਤੇ ਵਿਚਾਰ ਕੀਤਾ ਗਿਆ ਅਤੇ ਅੰਤ 'ਚ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਦਾ ਨਾਮ ਤੈਅ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋਵਿੰਦ ਦਲਿਤ ਜਾਤੀ ਨਾਲ ਸੰਬੰਧ ਰਖਦੇ ਹਨ ਅਤੇ 12 ਸਾਲ ਤੱਕ ਰਾਜਸਭਾ ਦੇ ਮੈਂਬਰ ਰਹੇ। ਉਹ ਭਾਜਪਾ ਦਲਿਤ ਜਾਤੀ ਮੋਰਚਾ ਦੇ ਪ੍ਰਧਾਨ ਵੀ ਰਹੇ। ਇਸ ਤੋਂ ਇਲਾਵਾ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਵਕਾਲਤ ਵੀ ਕਰ ਚੁੱਕੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਨਾਮਜਦੀ ਪੱਤਰ ਭਰਨ ਦੀ ਤਾਰੀਖ ਸ੍ਰੀ ਕੋਵਿੰਦ ਨਾਲ ਗੱਲਬਾਤ ਕਰਕੇ ਤੈਅ ਕੀਤੀ ਜਾਵੇਗੀ ਪਰ ਸੰਭਾਵਨਾ ਹੈ ਕਿ 23 ਜੂਨ ਨੂੰ ਨਾਮਜਦੀ ਪੱਤਰ ਦਾਖਲ ਕਰ ਦਿੱਤਾ ਜਾਵੇਗਾ।