ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ’ਚ ਭਖ਼ਾਈ ਸਿਆਸਤ, ਚੰਡੀਗੜ੍ਹ ਮੁੱਦੇ ’ਤੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ

Monday, Mar 28, 2022 - 04:44 PM (IST)

ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ’ਚ ਭਖ਼ਾਈ ਸਿਆਸਤ, ਚੰਡੀਗੜ੍ਹ ਮੁੱਦੇ ’ਤੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ’ਚ ਸਿਆਸਤ ਭਖ ਗਈ ਹੈ। ਇਸੇ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦਾ ਐਲਾਨ ਕਰਕੇ ਇਸ ਨੂੰ ਪੱਕੇ ਤੌਰ ’ਤੇ ਯੂ. ਟੀ. ਬਣਾਉਣ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ’ਤੇ ਦਿਨ-ਦਿਹਾੜੇ ਡਾਕਾ ਮਾਰਿਆ ਗਿਆ ਹੈ ਤੇ ਪੰਜਾਬ ਦੇ ਹੱਕ ਸਿੱਧੇ ਤੌਰ ’ਤੇ ਕੇਂਦਰ ਨੇ ਖੋਹ ਲਏ ਹਨ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਵੱਡਾ ਐਲਾਨ, ਚੰਡੀਗੜ੍ਹ ’ਚ ਹੁਣ ਕੇਂਦਰੀ ਸਰਵਿਸ ਨਿਯਮ ਹੋਣਗੇ ਲਾਗੂ (ਵੀਡੀਓ)

ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ-ਹਰਿਆਣਾ ਪੁਨਰਗਠਨ ਐਕਟ ਦੀ ਉਲੰਘਣਾ ਵੀ ਹੈ। ਸ਼੍ਰੋਮਣੀ ਅਕਾਲੀ ਦਲ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਇਸ ਹਾਲਾਤ ਤੋਂ ਜਾਣੂ ਕਰਵਾਏਗਾ। ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਰੱਖੇਗਾ ਕਿ ਕੇਂਦਰ ਸੂਬਿਆਂ ਦੇ ਅਧਿਕਾਰ ਖੇਤਰ ’ਚ ਦਖਲਅੰਦਾਜ਼ੀ ਕਰਨੀ ਬੰਦ ਕਰੇ। ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਮੰਨਦੇ ਹੋਏ 1992 ’ਚ ਜੋ ਨੋਟੀਫਿਕੇਸ਼ਨ ਹੋਇਆ ਸੀ, ਉਸ ਦੌਰਾਨ ਹੋਏ ਫ਼ੈਸਲਿਆਂ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਹੱਕਾਂ ’ਤੇ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ। ਅੱਜ ਤਕ ਜਿੰਨੇ ਵੀ ਕਮਿਸ਼ਨ ਤੇ ਫਾਰਮੂਲੇ ਤੈਅ ਹੋਏ, ਉਨ੍ਹਾਂ ਸਾਰਿਆਂ ਮੁਤਾਬਕ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਮੰਨਿਆ ਗਿਆ। ਇਹ ਵਕਤੀ ਤੌਰ ’ਤੇ ਯੂ. ਟੀ. ਹੈ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ’ਤੇ ਪੱਕੇ ਤੌਰ ’ਤੇ ਮੋਹਰ ਲਾ ਦਿੱਤੀ ਕਿ ਇਹ ਯੂ. ਟੀ. ਹੈ, ਜੋ ਸਰਾਸਰ ਧੱਕਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਖਪਾਲ ਖਹਿਰਾ ਨੇ ਪ੍ਰਗਟਾਇਆ ਵਿਰੋਧ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧੱਕੇ ਨੂੰ ਮੂਕਦਰਸ਼ਕ ਬਣ ਕੇ ਨਹੀਂ ਦੇਖ ਸਕਦਾ। ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਕੇਂਦਰ ਸਰਕਾਰ ਦੇਸ਼ ’ਚ ਸੂਬਿਆਂ ਦੇ ਅਧਿਕਾਰ ਖੇਤਰ ’ਚ ਦਖਲਅੰਦਾਜ਼ੀ ਵਧਾ ਰਹੀ ਹੈ ਤੇ ਇਸ ਨਾਲ ਸੰਘੀ ਢਾਂਚੇ ਨੂੰ ਖਤਰਾ ਪੈਦਾ ਹੋ ਗਿਆ ਹੈ। ਦੇਸ਼ ਨੂੰ ਯੂਨਿਟਰੀ ਸਿਸਟਮ ਵੱਲ ਧੱਕਿਆ ਜਾ ਰਿਹਾ ਹੈ। ਅਕਾਲੀ ਦਲ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਸਰਕਾਰ ਤੋਂ ਸਰਕਾਰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਸੱਦ ਕੇ ਇਕਸੁਰਤਾ ਬਣਾ ਕੇ ਇਹ ਮੁੱਦਾ ਕੇਂਦਰ ਕੋਲ ਰੱਖਣਾ ਚਾਹੀਦਾ ਹੈ। ਇਹ ਬਹੁਤ ਅਹਿਮ ਮੁੱਦਾ ਹੈ। ਜ਼ਿਕਰਯੋਗ ਹੈ ਕਿ ਕੱਲ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਖੇ ਐਲਾਨ ਕੀਤਾ ਕਿ ਹੁਣ ਚੰਡੀਗੜ੍ਹ ਵਿਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਹੋਣਗੇ ਪਹਿਲਾਂ ਪੰਜਾਬ ਦੇ ਨਿਯਮ ਲਾਗੂ ਸਨ। ਇਸ ਤੋਂ ਬਾਅਦ ਸਿਆਸਤ ਭਖ ਗਈ ਹੈ।


author

Manoj

Content Editor

Related News