ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਅਮਰੀਕਾ 'ਚ ਰਹਿ ਰਹੇ ਪੰਜਾਬੀ ਨੇ ਕੀਤੀ ਖੁਦਕੁਸ਼ੀ

Thursday, Oct 03, 2019 - 12:59 PM (IST)

ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਅਮਰੀਕਾ 'ਚ ਰਹਿ ਰਹੇ ਪੰਜਾਬੀ ਨੇ ਕੀਤੀ ਖੁਦਕੁਸ਼ੀ

ਫਰੀਦਕੋਟ - ਅਮਰੀਕਾ 'ਚ ਫਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਵਿਖੇ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਤਿੰਦਰ ਪਾਲ ਸਿੰਘ ਵਜੋਂ ਹੋਈ ਹੈ, ਜੋ ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜਤਿੰਦਰ ਅਗਸਤ 2017 'ਚ ਸਟੱਡੀ ਵੀਜ਼ਾ 'ਤੇ ਅਮਰੀਕਾ ਗਿਆ ਸੀ। ਉਹ ਹਰਿਆਣਾ ਦੇ 2 ਨੌਜਵਾਨਾਂ ਨਾਲ ਮਿਲ ਕੇ ਰਹਿ ਰਿਹਾ ਸੀ। ਅਪ੍ਰੈਲ 2019 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਤਿੰਦਰ ਸਹੀ ਨੌਕਰੀ ਨਾ ਮਿਲਣ ਕਾਰਨ ਕਥਿਤ ਤੌਰ 'ਤੇ ਬਹੁਤ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਦੇ ਕਾਰਨ ਜਤਿੰਦਰ ਨੇ ਆਪਣੇ ਕਿਰਾਏ ਦੇ ਅਪਾਰਟਮੈਂਟ ਦੀ ਬਾਲਕੋਨੀ 'ਚ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ 'ਚ ਇਕ ਕਰਮਚਾਰੀ ਸਨ, ਜਿਨ੍ਹਾਂ ਦੀ ਅਪ੍ਰੈਲ 2011 'ਚ ਮੌਤ ਹੋ ਗਈ ਸੀ। ਪਿਤਾ ਦੀ ਮੌਤ ਮਗਰੋਂ ਜਤਿੰਦਰ ਦੇ ਵੱਡੇ ਭਰਾ ਨੂੰ ਉਸ ਦੇ ਪਿਤਾ ਦੀ ਨੌਕਰੀ ਮਿਲ ਗਈ ਸੀ। ਪੀੜਤ ਪਰਿਵਾਰ ਨੇ ਜਤਿੰਦਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਲਈ ਜ਼ਿਲਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ।


author

rajwinder kaur

Content Editor

Related News