ਐਂਬੂਲੈਂਸ ਡਰਾਈਵਰਾਂ ਤੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ
Friday, Oct 04, 2019 - 02:13 PM (IST)
ਚੰਡੀਗੜ੍ਹ : 'ਇੰਪਲਾਇਜ਼ ਐਸੋਸੀਏਸ਼ਨ 108' ਵਲੋਂ ਪੰਜਾਬ ਸਰਕਾਰ ਨੂੰ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਐਂਬੂਲੈਂਸ ਡਰਾਈਵਰਾਂ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਭੁੱਖ-ਹੜਤਾਲ 'ਤੇ ਬੈਠ ਜਾਣਗੇ। ਦੱਸਣਯੋਗ ਹੈ ਕਿ ਪੰਜਾਬ 'ਚ 108 ਸੇਵਾ ਤਹਿਤ 242 ਐਂਬੂਲੈਂਸਾਂ ਸੜਕਾਂ 'ਤੇ ਦੌੜ ਰਹੀਆਂ ਹਨ ਅਤੇ ਇਸ ਦੇ ਲਈ ਕਰੀਬ 1100 ਡਰਾਈਵਰ ਅਤੇ ਅਮਰਜੈਂਸੀ ਮੈਡੀਕਲ ਟਰੀਟਮੈਂਟ ਮੁਲਾਜ਼ਮ ਤਾਇਨਾਤ ਹਨ।
ਐਸੋਸੀਏਸ਼ਨ ਮੁਤਾਬਕ ਸਰਕਾਰ ਨੇ ਜਿਸ ਕੰਪਨੀ ਨੂੰ ਐਂਬੂਲੈਂਸਾਂ ਦਾ ਠੇਕਾ ਦਿੱਤਾ ਹੋਇਆ ਹੈ, ਉਹ ਮੁਲਾਜ਼ਮਾਂ ਦੀ ਅਣਦੇਖੀ ਕਰ ਰਹੀ ਹੈ। ਕੰਪਨੀ ਮੁਲਾਜ਼ਮਾਂ ਦਾ ਆਰਥਿਕ ਤੇ ਮਾਨਸਿਕ ਸ਼ੋਸਣ ਵੀ ਕਰ ਰਹੀ ਹੈ। ਪੰਜਾਬ 'ਚ ਐਂਬੂਲੈਂਸ ਦੇ ਡਰਾਈਵਰ ਨੂੰ 8500 ਰੁਪਅ ਹਰ ਮਹੀਨੇ ਅਤੇ ਈ. ਐੱਮ. ਟੀ. ਨੂੰ 9200 ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਜਦੋਂ ਕਿ ਸਰਕਾਰ ਵਲੋਂ ਕੰਪਨੀ ਨੂੰ ਹਰ ਮਹੀਨੇ ਪ੍ਰਤੀ ਐਂਬੂਲੈਂਸ ਇਕ ਲੱਖ, 24 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਰਾਜਸਥਾਨ 'ਚ ਬਲੈਕ ਲਿਸਟ ਕੀਤਾ ਜਾ ਚੁੱਕਾ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ 'ਤੇ ਐਂਬੂਲੈਂਸ ਨੂੰ ਆਪਣੇ ਅਧੀਨ ਲੈ ਕੇ ਉਨ੍ਹਾਂ ਦਾ ਸੰਚਾਲਨ ਸਰਕਾਰ ਖੁਦ ਕਰੇ।