ਗਿਆਨੀ ਹਰਪ੍ਰੀਤ ਸਿੰਘ ਨੇ ''ਐਮਾਜ਼ੋਨ'' ਖਿਲਾਫ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

Thursday, Dec 20, 2018 - 02:16 PM (IST)

ਗਿਆਨੀ ਹਰਪ੍ਰੀਤ ਸਿੰਘ ਨੇ ''ਐਮਾਜ਼ੋਨ'' ਖਿਲਾਫ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਤਲਵੰਡੀ ਸਾਬੋ/ਅੰਮ੍ਰਿਤਸਰ (ਮੁਨੀਸ਼) : ਦੁਨੀਆ ਦੀ ਨਾਮਵਰ ਆਨਲਾਈਨ ਕੰਪਨੀ 'ਐਮਾਜ਼ੋਨ' ਵਲੋਂ ਬੀਤੇ ਦਿਨੀਂ ਆਨਲਾਈਨ ਬੋਲੀ ਰਾਹੀਂ ਵੇਚੇ ਜਾ ਰਹੇ ਪੈਰ ਪੂੰਝਣ ਵਾਲੇ ਮੈਟਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਉਕਤ ਮੈਟਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਸੀ। ਉਕਤ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ 'ਚ ਆਉਂਦਿਆਂ ਹੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਟ ਬਣਾਉਣ ਵਾਲੀ ਅਤੇ ਵੇਚਣ ਵਾਲੀ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਐਮਾਜ਼ੋਨ' ਕੰਪਨੀ ਵਲੋਂ ਘਰਾਂ ਦੇ ਦਰਵਾਜ਼ਿਆਂ ਅੱਗੇ ਆਉਣ ਵਾਲਿਆਂ ਦੇ ਪੈਰ ਪੂੰਝਣ ਲਈ ਰੱਖੇ ਜਾਂਦੇ ਮੈਟਾਂ ਦੀ ਲੜੀ 'ਚ ਕੰਪਨੀ ਵਲੋਂ ਤਿਆਰ ਅਜਿਹੇ ਮੈਟ ਆਨਲਾਈਨ ਵੇਚੇ ਜਾ ਰਹੇ ਹਨ ਜਿਨ੍ਹਾਂ 'ਤੇ ਸਿੱਖਾਂ ਦੇ ਸਭ ਤੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਹੋਈ ਹੈ। ਉਸ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾ ਕੇ ਕੰਪਨੀ ਨੇ ਦੁਨੀਆ ਭਰ ਦੇ ਕਰੋੜਾਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਿੰਘ ਸਾਹਿਬ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਉਣ 'ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਮੈਟ ਬਣਾਉਣ ਵਾਲੀ ਕੰਪਨੀ ਦਾ ਪਤਾ ਲਾ ਕੇ ਉਸ ਕੰਪਨੀ ਅਤੇ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨ ਤਾਂਕਿ ਇਸ ਮੈਟ ਦੀ ਵਿਕਰੀ ਰੋਕ ਕੇ ਕੰਪਨੀ ਖਿਲਾਫ ਬਣਦੀ ਕਾਰਵਾਈ ਅਮਲ 'ਚ ਆ ਸਕੇ।
 
 


author

Anuradha

Content Editor

Related News