ਖਹਿਰਾ ਨਾਲ ਜਾਣ ਦੀ ਸੰਦੋਆ ਨੇ ਰੱਖੀ ਇਹ ਸ਼ਰਤ (ਵੀਡੀਓ)
Sunday, Jan 13, 2019 - 12:13 PM (IST)
ਰੂਪਨਗਰ (ਸੱਜਣ ਸੈਣੀ)— 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਖਹਿਰਾ 'ਤੇ 'ਆਪ' ਆਗੂਆਂ ਦੇ ਸ਼ਬਦੀ ਹਮਲੇ ਦਿਨੋਂ-ਦਿਨ ਤੇਜ਼ ਹੁੰਦੇ ਜਾ ਰਹੇ ਹਨ। ਸ਼ਬਦੀ ਹਮਲਾ ਕਰਦੇ ਹੋਏ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਉਨ੍ਹਾਂ ਨੇ ਜਿੱਥੇ ਕੁਰਸੀ ਦਾ ਭੁੱਖਾ ਕਰਾਰ ਦਿੱਤਾ, ਉਥੇ ਹੀ ਇਕ ਸ਼ਰਤ ਰੱਖਦੇ ਹੋਏ ਸੁਖਪਾਲ ਖਹਿਰਾ ਨਾਲ ਜਾਣ ਵੀ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਅਕਾਲੀ ਅਤੇ ਕਾਂਗਰਸ ਦੇ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਗਠਜੋੜ ਕਰਕੇ ਪਾਰਟੀ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਖਹਿਰਾ ਨੂੰ ਖੁਦ ਮੁਖਤਿਆਰੀ ਮਿਲ ਚੁੱਕੀ ਹੈ ਅਤੇ ਉਹ ਆਪਣੀ ਪਾਰਟੀ ਦੇ ਖੁਦ ਹੀ ਪ੍ਰਧਾਨ ਬਣ ਗਏ ਹਨ। ਖਹਿਰਾ ਨੇ ਸਿਰਫ 'ਆਪ' ਨੂੰ ਨੁਕਸਾਨ ਪਹੁੰਚਾਉਣ ਲਈ ਨਵੀਂ ਪਾਰਟੀ ਬਣਾਈ ਹੈ। ਸ਼ਬਦੀ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖਹਿਰਾ ਸਿਰਫ ਕੁਰਸੀ ਦੇ ਹੀ ਭੁੱਖੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀ ਰਾਜਨੀਤੀ ਦੇ 30 ਸਾਲ ਦੌਰਾਨ ਖਹਿਰਾ ਨੇ ਆਪਣੇ ਹਲਕੇ ਵਾਸਤੇ ਕੁਝ ਨਹੀਂ ਕੀਤਾ। ਖਹਿਰਾ ਨਾਲ ਜਾਣ ਦੀ ਸ਼ਰਤ ਰੱਖਦੇ ਹੋਏ ਸੰਦੋਆ ਨੇ ਕਿਹਾ ਕਿ ਖਹਿਰਾ ਨੇ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਨੈਤਿਕ ਦੇ ਆਧਾਰ 'ਤੇ ਆਪਣੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਕੇ ਮੁੜ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ ਹੈ। ਜੇਕਰ ਉਹ ਵੱਡੀ ਲੀਡ ਨਾਲ ਜਿੱਤਦੇ ਹਨ ਤਾਂ ਸ਼ਾਇਦ ਸਾਡਾ ਮਨ ਵੀ ਉਨ੍ਹਾਂ ਦੇ ਨਾਲ ਜਾਣ ਦਾ ਬਣ ਜਾਵੇ। ਉਨ੍ਹਾਂ ਨੇ ਕਿਹਾ ਕਿ ਖਹਿਰਾ ਆਪਣੀ ਹਾਰ ਤੋਂ ਡਰਦੇ ਹੋਏ ਵਿਧਾਇਕੀ ਤੋਂ ਅਸਤੀਫਾ ਨਹੀਂ ਦੇ ਰਹੇ ਹਨ।