ਹੁਣ ਕੈਪਟਨ ਅਮਰਿੰਦਰ ਸਿੰਘ ਘਰ ਤੋਂ ਕਰਨਗੇ ਸ਼ੁਰੂਆਤ!
Tuesday, Feb 16, 2016 - 06:02 PM (IST)

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਹੀ ''ਚ ਆਇਆ ਉਹ ਬਿਆਨ ਪਰਿਵਾਰ ''ਚ ਇਕ ਟਿਕਟ ਦਿੱਤੀ ਜਾਵੇਗੀ, ਜਿਸ ਨੂੰ ਲੈ ਕੇ ਕਾਂਗਰਸ ''ਚ ਬੈਠੇ ਵੱਡੇ ਪਰਿਵਾਰਕ ਘਰਾਣਿਆਂ ਇਕ ਵਾਰ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕਣ ਵਰਗੀ ਗੱਲ ਹੋਈ ਦੱਸੀ ਜਾ ਰਹੀ ਹੈ ਪਰ ਇਹ ਜੋ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਹੈ ਇਹ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮੈਡਮ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਿਆ ਗਿਆ ਦੱਸਿਆ ਜਾ ਰਿਹਾ ਹੈ।
ਇਸ ਫੈਸਲੇ ਬਾਰੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਇਸ ਬਿਆਨ ''ਤੇ ਸਭ ਤੋਂ ਪਹਿਲਾਂ ਅਮਲ ਕੈਪਟਨ ਅਮਰਿੰਦਰ ਸਿੰਘ ਆਪਣੇ ਘਰੋਂ ਕਰਨਗੇ, ਕਿਉਂਕਿ ਉਨ੍ਹਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਮੌਜੂਦਾ ਪਟਿਆਲਾ ਤੋਂ ਵਿਧਾਇਕ ਹੈ ਅਤੇ ਉਨ੍ਹਾਂ ਦਾ ਪੁੱਤਰ ਯੁਵਰਾਜ ਸਿੰਘ ਜੋ ਸਮਾਣੇ ਤੋਂ ਟਿਕਟ ਲੜ ਕੇ ਹਲਕਾ ਇੰਚਾਰਜ ਵਿਚਰ ਰਿਹਾ ਹੈ। ਇਨ੍ਹਾਂ ਦੋਵਾਂ ਪਰਿਵਾਰਕ ਮੈਂਬਰਾਂ ਦੀਆਂ 2017 ''ਚ ਟਿਕਟਾਂ ''ਤੇ ਸਭ ਤੋਂ ਪਹਿਲਾਂ ਕੈਂਚੀ ਕੈਪਟਨ ਅਮਰਿੰਦਰ ਸਿੰਘ ਆਪਣੇ ਘਰ ਤੋਂ ਮਾਰਨਗੇ ਅਤੇ ਆਪ ਪਟਿਆਲਾ ਤੋਂ ਚੋਣ ਲੜਨਗੇ ਤਾਂ ਜੋ ਹੋਰਨਾਂ ਪਰਿਵਾਰਾਂ ਵਿਚ ਇਹ ਸੁਨੇਹਾ ਜਾ ਸਕੇ ਅਤੇ ਉਹ ਪਰਿਵਾਰ ਵੀ ਜਿੱਦ ਜਾਂ ਅੜੀਅਲ ਵਤੀਰਾ ਅਪਣਾ ਕੇ ਪਾਰਟੀ ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਖੜ੍ਹੀ ਨਾ ਕਰ ਸਕਣ। ਕੈਪਟਨ ਦੇ ਇਸ ਬਿਆਨ ਨਾਲ ਜਿਥੇ ਕੈਪਟਨ ਆਪਣੇ ਪਰਿਵਾਰ ਵਿਚ ਦੋ ਟਿਕਟਾਂ ਦੀ ਛਾਂਟੀ ਹੋਵੇਗੀ, ਉਥੇ ਕੋਈ ਦਰਜਨ ਦੇ ਕਰੀਬ ਵੱਡੇ ਪਰਿਵਾਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ।
ਬਾਕੀ ਦੇਖਣਾ ਇਹ ਹੋਵੇਗਾ ਕਿ ਇਹ ਪ੍ਰਭਾਵਿਤ ਹੋਣ ਵਾਲੇ ਪਰਿਵਾਰ ਹਾਈ ਕਮਾਂਡ ਕੋਲ ਆਪਣਾ ਪੱਖ ਕਿਸ ਤਰ੍ਹਾਂ ਰੱਖਦੇ ਹਨ ਅਤੇ ਹਾਈ ਕਮਾਂਡ ਉਨ੍ਹਾਂ ਦੀ ਗੱਲ ''ਤੇ ਕਿੰਨਾ ਕੁ ਅਮਲ ਕਰਦੀ ਹੈ।