ਜਗਰਾਓਂ ਦੀ ਰੈਲੀ 'ਚ ਰਾਜਾ ਵੜਿੰਗ ਨੇ ਕੀਤਾ ਸਿੱਧੂ ਮੂਸੇਵਾਲਾ ਦਾ ਜ਼ਿਕਰ, ਆਖੀ ਵੱਡੀ ਗੱਲ

12/21/2023 7:25:13 PM

ਜਗਰਾਓਂ (ਰਮਨਦੀਪ ਸਿੰਘ ਸੋਢੀ))- ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਜਗਰਾਓਂ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਜਿੱਥੇ 'ਆਪ' ਅਤੇ ਕਾਂਗਰਸ ਦੇ ਗਠਜੋੜ ਦਾ ਖੁੱਲ੍ਹੇਆ ਵਿਰੋਧ ਕੀਤਾ ਗਿਆ, ਉਥੇ ਹੀ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਖ਼ਿਲਾਫ਼ ਪੰਜਾਬ ਸਰਕਾਰ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਮੰਚ ਤੋਂ ਆਗੂਆਂ ਵੱਲੋਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਾਂਗਰਸ ਨੂੰ ਕਦੇ ਵੀ ਮਨਜ਼ੂਰ ਨਹੀਂ ਹੈ। ਰਾਜ ਕੁਮਾਰ ਚੱਬੇਵਾਲ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਵੱਲੋਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਮੰਗ ਹਾਈਕਮਾਨ ਅੱਗੇ ਰੱਖ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਵਿਦੇਸ਼ 'ਚ ਗੱਡੇ ਝੰਡੇ, ਸਪੇਨ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ

ਇਸ ਮੌਕੇ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਦਿਨੋ-ਦਿਨ ਢਹਿ-ਢੇਰੀ ਹੋ ਰਹੀ ਕਾਨੂੰਨ ਵਿਵਸਥਾ ਨੇ ਸਮੁੱਚੇ ਪੰਜਾਬੀਆਂ ਵਿੱਚ ਅਸਹਿਜ਼ਤਾ ਦਾ ਮਾਹੌਲ ਸਿਰਜ ਦਿੱਤਾ ਹੈ। ਆਪਣੇ ਲੋਕਾਂ ਨੂੰ ਸੁੱਰਖਿਅਤ ਕਰਨਾ ਸਰਕਾਰ ਦਾ ਪਹਿਲਾ ਫਰਜ਼ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਇਸ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਅੱਜ ਪੰਜਾਬੀਆਂ ਦੀ ਅਵਾਜ਼ ਇਸ ਸਰਕਾਰ ਤੱਕ ਪਹੁੰਚਾਉਣ ਲਈ ਜਗਰਾਓਂ ਵਿਖੇ ਧੜਨਾ ਲਗਾਇਆ ਗਿਆ ਹੈ। ਉਥੇ ਹੀ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 11 ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਸਿੱਧੂ ਮੂਸੇਵਾਲਾ ਸਾਡਾ ਯਾਰ ਸੀ। ਪੌਨੇ ਦੋ ਸਾਲ ਬੀਤ ਗਏ ਹਨ ਪਰ ਸਿੱਧੂ ਮੂਸੇਵਾਲਾ ਦੇ ਮਾਂ-ਬਾਪ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਹੈ। 

ਇਹ ਵੀ ਪੜ੍ਹੋ : ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਸੀ ਤਾਂ ਉਸ ਦਿਨ ਰਾਤ ਨੂੰ ਮੈਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਦੇ ਘਰ ਰਾਤ ਮਾਤਾ ਚਰਨ ਕੌਰ ਨਾਲ ਦੁੱਖ਼ ਸਾਂਝਾ ਕਰਨ ਗਏ ਸੀ। ਉਸ ਵੇਲੇ ਮਾਂ ਨੂੰ ਇੰਝ ਲੱਗਦਾ ਸੀ ਕਿ ਸ਼ਾਇਦ ਉਸ ਦਾ ਪੁੱਤ ਹਸਪਤਾਲ ਵਿਚੋਂ ਉੱਠ ਕੇ ਆ ਜਾਵੇਗਾ। ਜਦੋਂ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਸਨ ਤਾਂ ਵੈਣ ਪਾਉਂਦੀ ਮਾਂ ਉਸ ਦੇ ਕਲਗੀ ਸਜਾ ਅਤੇ ਸਹਿਰਾ ਲਗਾ ਕੇ ਆਪਦੇ ਕੁਆਰੇ ਪੁੱਤ ਨੂੰ ਸ਼ਮਸ਼ਾਨ ਘਾਟ ਵਿਚ ਛੱਡ ਕੇ ਆਈ ਸੀ। ਪੌਨੇ ਦੋ ਸਾਲ ਬੀਤਣ ਦੇ ਬਾਅਦ ਵੀ ਸਿੱਧੂ ਦੀ ਮਾਂ ਅਤੇ ਪਿਓ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਰੋਂਦੀ-ਕਰਲਾਉਂਦੀ ਮਾਂ ਅਤੇ ਉਸ ਦਾ ਪਿਓ ਧਰਨੇ ਲਗਾ ਕੇ ਬਲਕੌਰ ਸਿੰਘ ਚੁੱਪ ਕਰਕੇ ਬੈਠ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਲੁੱਟਾਂਖੋਹਾਂ, ਗੈਂਗਸਟਰ, ਚੋਰੀਆਂ ਨੇ ਪੰਜਾਬ ਦੀ ਜਨਤਾ ਦਾ ਸੁੱਖ ਚੈਨ ਖੋ ਲਿਆ।

ਇਸ ਸਮੇਂ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਫਿਰੋਤੀਆਂ ਅਤੇ ਗੈਂਗਸਟਰਾਂ ਦਾ ਦੌਰ ਚੱਲ ਪਿਆ ਹੈ। ਇਸ ਸਾਰੀ ਦੀ ਛਤਰ ਛਾਇਆ ਪੰਜਾਬ ਪੁਲਸ ਕਰ ਰਹੀ ਹੈ। ਨਸ਼ਿਆਂ ਨੂੰ ਖ਼ਤਮ ਕਰਨ ਦੀ ਗੱਲ ਕਰਨ ਵਾਲੀ ਇਸ ਸਰਕਾਰ ਦੇ ਰਾਜ ਵਿੱਚ ਆਰਡਰ ਦੇਣ 'ਤੇ ਪੰਜ ਮਿੰਟ ਵਿੱਚ ਘਰ ਬੈਠਿਆਂ ਨਸ਼ੇ ਦੀ ਡਿਲੀਵਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ ਤਾਂ ਪੰਜਾਬ ਵਿੱਚ ਗੈਂਗਸਟਰਾਂ ਦੇ ਮੁਕਾਬਲੇ ਧੜਾਧੜ ਹੋ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੱਲ੍ਹ ਹੋਏ ਮੁਕਾਬਲੇ ਵਿੱਚ ਹੱਥਕੜੀ ਲੱਗੀ ਵਾਲੇ ਗੈਂਗਸਟਰ ਵੱਲੋਂ ਪੁਲਸ 'ਤੇ ਗੋਲ਼ੀ ਚਲਾਉਣ ਦੇ ਦੋਸ਼ ਲਗਾ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਬੱਚੇ ਦੇ ਜਨਮ 'ਤੇ ਮਾਲੋ-ਮਾਲ ਹੋ ਜਾਂਦੇ ਨੇ ਮਾਪੇ, ਜਾਣੋ ਕੀ ਹੈ ਕਾਰਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


shivani attri

Content Editor

Related News