ਖਹਿਰਾ ਤੇ ਬ੍ਰਹਮਪੁਰਾ ਨੂੰ ਵੜਿੰਗ ਦੀਆਂ ਖਰੀਆਂ-ਖਰੀਆਂ (ਵੀਡੀਓ)

Sunday, May 26, 2019 - 06:43 PM (IST)

ਮਾਨਸਾ : ਲੋਕ ਸਭਾ ਹਲਕਾ ਬਠਿੰਡਾ 'ਚ ਮਿਲੀ ਹਾਰ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ 'ਤੇ ਵੱਡਾ ਹਮਲਾ ਬੋਲਿਆ ਹੈ। ਖਹਿਰਾ ਅਤੇ ਬ੍ਰਹਮਪੁਰਾ ਵਲੋਂ ਬਠਿੰਡਾ 'ਚ ਕਾਂਗਰਸ 'ਤੇ ਅਕਾਲੀ ਦਲ ਵਿਚਾਲੇ ਫ੍ਰੈਂਡਲੀ ਮੈਚ ਸੰਬੰਧੀ ਦਿੱਤੇ ਬਿਆਨ 'ਤੇ ਵੜਿੰਗ ਨੇ ਕਿਹਾ ਕਿ ਬ੍ਰਹਮਪੁਰਾ ਵਰਗੇ ਲੀਡਰਾਂ ਨੂੰ ਅਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਜਿਨ੍ਹਾਂ ਨੂੰ ਖੁਦ ਚੋਣਾਂ ਵਿਚ ਇਕ ਸੀਟ ਵੀ ਨਸੀਬ ਨਾ ਹੋਈ ਹੋਵੇ ਜਦਕਿ ਸੁਖਪਾਲ ਖਹਿਰਾ ਨੂੰ ਤਾਂ ਸਿਰਫ 30 ਹਜ਼ਾਰ ਵੋਟਾਂ ਹੀ ਪਈਆਂ ਹਨ। ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਚੋਣਾਂ 'ਚ ਫਾਇਦਾ ਪਹੁੰਚਾਉਣ ਲਈ ਹੀ ਖਹਿਰਾ ਬਠਿੰਡਾ ਆਏ ਸਨ। ਵੜਿੰਗ ਨੇ ਖਹਿਰਾ 'ਤੇ ਬਾਦਲ ਪਰਿਵਾਰ ਨੂੰ ਵੋਟਾਂ ਵੇਚਣ ਦੇ ਦੋਸ਼ ਵੀ ਲਗਾਏ ਹਨ। 
ਅੱਗੇ ਬੱਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਲੀਡਰਾਂ ਨੂੰ ਲੋਕ ਪੂਰੀ ਤਰ੍ਹਾਂ ਨਾਕਾਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਕੋਲ ਚੁੱਕਣ ਲਈ ਹੋਰ ਕੋਈ ਮੁੱਦਾ ਨਹੀਂ, ਇਹ ਲਈ ਇਹ ਕਾਂਗਰਸ 'ਤੇ ਝੂਠੇ ਦੋਸ਼ ਲਗਾ ਰਹੇ ਹਨ। ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨਹੀਂ ਸਗੋਂ ਬਾਦਲ ਪਰਿਵਾਰ ਜਿੱਤਿਆ ਹੈ ਅਤੇ ਬਾਦਲਾਂ ਨੇ ਪੈਸੇ ਅਤੇ ਸ਼ਰਾਬ ਦੇ ਸਿਰ 'ਤੇ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। 
ਰਾਜਾ ਵੜਿੰਗ ਨੇ ਕਿਹਾ ਕਿ ਜਨਤਾ ਦਾ ਫੈਸਲਾ ਉਹ ਸਿਰ-ਮੱਥੇ ਕਬੂਲ ਕਰਦੇ ਹਨ ਪਰ ਕਿਸੇ ਨੂੰ ਵੀ ਕੋਈ ਭੁਲੇਖਾ ਨਾ ਰਹੇ, ਇਸ ਲਈ ਉਹ ਦੱਸਣਾ ਚਾਹੁੰਦੇ ਹਨ ਕਿ ਰਾਜਾ ਵੜਿੰਗ ਬਠਿੰਡਾ ਦਾ ਹੋ ਚੁੱਕਾ ਹੈ ਅਤੇ ਇਥੋਂ ਦਾ ਹੋ ਕੇ ਰਹੇਗਾ। ਉਸਦਾ ਟੀਚਾ ਹੁਣ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਹਰਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਵੋਟਰਾਂ ਦਾ ਧੰਨਵਾਦੀ ਹੈ ਕਿ ਉਸਨੂੰ ਇੰਨੀ ਗਿਣਤੀ ਵਿਚ ਵੋਟਾਂ ਦਿੱਤੀਆਂ।


author

Gurminder Singh

Content Editor

Related News