ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਕੋਲ ਲਾਈ ਮੋਦੀ ਦੀ ਸ਼ਿਕਾਇਤ
Wednesday, Apr 10, 2019 - 05:28 PM (IST)
ਨਵੀਂ ਦਿੱਲੀ/ਚੰਡੀਗੜ੍ਹ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਰ-ਵਾਰ ਚੋਣ ਜ਼ਾਬਤਾ ਦੀ ਉਲੰਘਣਾ ਦੀ ਜਾਂਚ ਸੰਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਵੇਂ ਵੋਟਰਾਂ ਨੂੰ ਲੁਭਾਉਣ ਲਈ ਵਾਰ-ਵਾਰ ਬਾਲਾਕੋਟ ਅਤੇ ਪੁਲਵਾਮਾ ਹਮਲੇ ਦਾ ਜ਼ਿਕਰ ਕਰ ਰਹੇ ਹਨ, ਜੋ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਕੋਲ ਪੀ.ਐੱਮ. ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਚੋਣ ਕਮਿਸ਼ਨ ਨੂੰ ਪੀ.ਐੱਮ. ਮੋਦੀ ਦੇ ਮਹਾਰਾਸ਼ਟਰ 'ਚ ਸੰਬੋਧਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਮੋਦੀ ਵਲੋਂ ਚੋਣ ਜ਼ਾਬਤਾ ਦੀ ਉਲੰਘਣਾ ਦਾ ਤਾਜ਼ਾ ਮਾਮਲਾ ਹੈ, ਜਿਸ ਨੂੰ ਮੀਡੀਆ ਵਿਚ ਵੀ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਨਜ਼ਰਅੰਦਾਜ ਕਰ ਕੇ ਚੋਣ ਕਮਿਸ਼ਨ ਪੱਖਪਾਤ ਕਰ ਰਿਹਾ ਹੈ।
ਪੀ.ਐੱਮ. ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ
ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਇਕ ਵਿਅਕਤੀ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹਨ। ਇੰਝ ਚੋਣਾਂ ਦੀ ਪ੍ਰਕਿਰਿਆ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਚੋਣ ਕਮਿਸ਼ਨ 'ਤੇ ਹਥਿਆਰਬੰਦ ਫੋਰਸਾਂ ਦੀ ਖੁਦਮੁਖਤਿਆਰੀ ਨੂੰ ਵੀ ਘਟਾ ਕੇ ਵੇਖਿਆ ਜਾਣਾ ਸ਼ੁਰੂ ਹੋ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਬੇਹੱਦ ਮੰਦਭਾਗੀ ਗੱਲ ਕਰਾਰ ਦਿੱਤਾ ਹੈ, ਜਦੋਂ ''ਪ੍ਰਧਾਨ ਮੰਤਰੀ ਨੂੰ ਇੰਝ ਪੱਖਪਾਤੀ ਵਤੀਰੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਚੋਣ ਕਮਿਸ਼ਨ ਕੋਈ ਨੋਟਿਸ ਤੱਕ ਨਹੀਂ ਲੈਂਦਾ।''