ਪਹਿਲੇ 6 ਮਹੀਨੇ ਦੇ ਕਾਰਜਕਾਲ ''ਚ ਅਮਰਿੰਦਰ ਸਰਕਾਰ ਹਰ ਫਰੰਟ ''ਤੇ ਫੇਲ : ਸੁਖਬੀਰ ਬਾਦਲ
Saturday, Sep 09, 2017 - 06:56 AM (IST)
ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਮਰਿੰਦਰ ਸਰਕਾਰ 'ਤੇ ਜ਼ੋਰਦਾਰ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਆਪਣੇ ਲਗਭਗ 6 ਮਹੀਨੇ ਦੇ ਕਾਰਜਕਾਲ 'ਚ ਇਹ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਗਏ ਸਾਰੇ ਮੁੱਖ ਵਾਅਦਿਆਂ ਨੂੰ ਪੂਰਾ ਕਰਨ 'ਚ ਇਹ ਅਸਮਰਥ ਰਹੀ ਹੈ। ਇੰਨਾ ਹੀ ਨਹੀਂ, ਅਮਰਿੰਦਰ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਲੋਂ ਕੀਤੇ ਗਏ ਫੈਸਲਿਆਂ ਨੂੰ ਵੀ ਅਮਲੀ ਜਾਮਾ ਪਹਿਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਇਥੇ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ 16 ਸਤੰਬਰ ਨੂੰ ਬੁਲਾਈ ਜਾ ਰਹੀ ਹੈ, ਜਿਸ 'ਚ ਸਰਕਾਰ ਵਿਰੁੱਧ ਜਨਤਾ ਨਾਲ ਵਾਅਦਾ-ਖਿਲਾਫੀ ਦੇ ਮੁੱਦੇ 'ਤੇ ਵਿਆਪਕ ਅੰਦੋਲਨ ਛੇੜਨ ਦੀ ਰੂਪਰੇਖਾ ਤਿਆਰ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਹਾਲੇ ਤਕ ਇਕ ਵੀ ਕਿਸਾਨ ਦਾ ਕਰਜ਼ਾ ਮਾਫ ਕਰਨ 'ਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ ਇਸ ਸੰਬੰਧ 'ਚ ਅਮਰਿੰਦਰ ਨੇ ਖੁਦ ਘਰ-ਘਰ ਜਾ ਕੇ ਕਿਸਾਨਾਂ ਤੋਂ ਇਸ ਸੰਬੰਧ 'ਚ ਫਾਰਮ ਭਰਵਾਏ ਸਨ। ਉਨ੍ਹਾਂ ਕਿਹਾ ਕਿ ਕਰਜ਼ਾ ਮਾਫ ਤਾਂ ਕੀ ਕਰਨਾ, ਸਰਕਾਰ ਨੇ ਉਨ੍ਹਾਂ 'ਤੇ ਮਾਰਕੀਟ ਫੀਸ ਤੇ ਗ੍ਰਾਮੀਣ ਵਿਕਾਸ ਸੈੱਸ ਦਾ ਬੋਝ ਹੋਰ ਵਧਾ ਦਿੱਤਾ ਹੈ, ਜਿਸਦਾ ਸਿੱਧਾ ਅਸਰ ਬਾਸਮਤੀ, ਕਪਾਹ ਅਤੇ ਸਬਜ਼ੀਆਂ ਉਗਾਉਣ ਵਾਲੇ ਕਾਸ਼ਤਕਾਰਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਕੀਮਤ ਪਹਿਲਾਂ ਤੋਂ ਘਟ ਮਿਲੇਗੀ। ਬੀਤੇ 6 ਮਹੀਨਿਆਂ 'ਚ 200 ਤੋਂ ਵੀ ਜ਼ਿਆਦਾ ਕਿਸਾਨ ਆਤਮ-ਹੱਤਿਆਵਾਂ ਕਰ ਚੁੱਕੇ ਹਨ ਅਤੇ ਕਿਸੇ ਦੇ ਵੀ ਪਰਿਵਾਰ ਨੂੰ ਵਾਅਦੇ ਮੁਤਾਬਿਕ 10 ਲੱਖ ਦਾ ਮੁਆਵਜ਼ਾ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ।
ਸੁਖਬੀਰ ਨੇ ਕਿਹਾ ਕਿ ਅਮਰਿੰਦਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੁੱਦੇ 'ਤੇ ਵੀ ਧੋਖਾ ਦਿੱਤਾ ਹੈ। ਆਪਣੇ ਘਰ-ਘਰ ਨੌਕਰੀ ਮੁਹੱਈਆ ਕਰਵਾਉਣ ਦੇ ਵਾਅਦੇ ਮੁਤਾਬਿਕ ਰਾਜ ਸਰਕਾਰ ਨੂੰ ਹਰ ਸਾਲ 10 ਲੱਖ ਨੌਕਰੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਪਰ ਬੀਤੇ 6 ਮਹੀਨੇ 'ਚ ਹਾਲੇ ਤਕ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਈ, ਸਿਵਾਏ ਸਵ. ਬੇਅੰਤ ਸਿੰਘ ਦੇ ਪੋਤਰੇ ਨੂੰ ਪੁਲਸ 'ਚ ਡੀ. ਐੱਸ. ਪੀ. ਦੀ ਨੌਕਰੀ ਦੇਣ ਦੇ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨੇ ਦਾ ਭੱਤਾ ਦੇਣ ਦਾ ਵਾਅਦਾ ਵੀ ਹਾਲੇ ਤਕ ਪੂਰਾ ਨਹੀਂ ਹੋਇਆ ਹੈ। ਰਾਜ ਸਰਕਾਰ ਨੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਕਮਜ਼ੋਰ ਵਰਗਾਂ ਨੂੰ ਆਰਥਿਕ ਮਦਦ ਆਦਿ ਦੇਣਾ ਵੀ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਿਸਾਨਾਂ ਨੂੰ ਮੈਡੀਕਲ ਇੰਸ਼ੋਰੈਂਸ, ਲੜਕੀਆਂ ਲਈ ਸਾਈਕਲ, ਅਨੁਸੂਚਿਤ ਜਾਤੀਆਂ ਨੂੰ 200 ਯੂਨਿਟ ਫ੍ਰੀ ਬਿਜਲੀ, ਤੀਰਥ ਯਾਤਰਾ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਆਟਾ-ਦਾਲ ਸਕੀਮ ਤਹਿਤ ਵੀ ਸਿਰਫ ਆਟਾ ਹੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਵੀ ਹਾਲੇ ਤਕ ਸਿਰੇ ਨਹੀਂ ਚੜ੍ਹ ਸਕਿਆ ਹੈ ਅਤੇ ਨਾ ਹੀ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਈ ਗਈ ਹੈ।
ਅਕਾਲੀ ਨੇਤਾ ਨੇ ਅਮਰਿੰਦਰ ਨੂੰ ਇਕ ਵਾਰ ਮੁੜ ਕਿਹਾ ਕਿ ਉਹ ਕੇਂਦਰ ਨਾਲ ਐੱਸ. ਵਾਈ. ਐੱਲ਼ ਦੇ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਨਾ ਕਰਨ, ਕਿਉਂਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ।
ਮਨਪ੍ਰੀਤ ਹੁਣ ਕੈਪਟਨ ਦੀ ਕਿਸ਼ਤੀ ਡੋਬੇਗਾ
ਸੁਖਬੀਰ ਨੇ ਕਿਹਾ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਮਰਿੰਦਰ ਸਰਕਾਰ ਹਾਲੇ ਤਕ ਸੂਬੇ ਦੀ ਵਿੱਤੀ ਸਥਿਤੀ 'ਤੇ ਕਾਬੂ ਨਹੀਂ ਪਾ ਸਕੀ। ਨਤੀਜੇ ਵਜੋਂ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਮਿਲਣ 'ਚ ਦੇਰੀ ਹੋ ਰਹੀ ਹੈ। ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ। ਪਿੰਡਾਂ ਨੂੰ ਦਿੱਤੀਆਂ ਗਈਆਂ ਗ੍ਰਾਂਟਾਂ ਵੀ ਬੰਦ ਕਰ ਦਿੱਤੀਆਂ ਹਨ। ਅਸੀਂ ਵੀ 10 ਸਾਲ ਸਰਕਾਰ ਚਲਾਈ ਹੈ ਪਰ ਅਜਿਹੇ ਹਾਲਾਤ ਪੈਦਾ ਨਹੀਂ ਹੋਣ ਦਿੱਤੇ, ਸੂਬੇ ਦੀ ਖਸਤਾ ਮਾਲੀ ਹਾਲਤ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿੰਮੇਦਾਰ ਹੈ। ਅਸੀਂ ਬੜੀ ਮੁਸ਼ਕਲ ਨਾਲ ਉਨ੍ਹਾਂ ਤੋਂ ਆਪਣਾ ਪਿੱਛਾ ਛੁਡਵਾਇਆ ਸੀ। ਮਨਪ੍ਰੀਤ ਹੁਣ ਅਮਰਿੰਦਰ ਦੀ ਕਿਸ਼ਤੀ ਡੋਬਣਗੇ।
