ਗਣਤੰਤਰ ਦਿਵਸ ਮੌਕੇ ਸੰਗਰੂਰ ਦੀ ਅਮਨਦੀਪ ਹੋਵੇਗੀ ਸਨਮਾਨਿਤ, ਸੜਦੀ ਸਕੂਲ ਵੈਨ 'ਚੋਂ ਬਚਾਏ ਸੀ 8 ਬੱਚੇ

Wednesday, Jan 25, 2023 - 03:43 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸਾਲ 2019 'ਚ ਨਿੱਜੀ ਸਕੂਲ ਦੀ ਇਕ ਬੱਚਿਆ ਨਾਲ ਭਰੀ ਮਾਰੂਤੀ ਵੈਨ ਨੂੰ ਅੱਗ ਲੱਗ ਗਈ ਸੀ। ਇਸ ਦੌਰਾਨ ਵੈਨ 'ਚ ਸਵਾਰ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਹਿੰਮਤ ਦਿਖਾਉਂਦਿਆਂ ਵੈਨ 'ਚ ਪਏ ਲੋਹੇ ਦੇ ਸੰਦਾਂ ਨਾਲ ਸੜਦੀ ਵੈਨ ਦੇ ਸ਼ੀਸ਼ੇ ਭੰਨ ਕੇ ਆਪਣੇ-ਆਪ ਨੂੰ ਤੇ 8 ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਪਰ ਏਨੀ ਦੇਰ 'ਚ ਅੱਗ ਦੀਆਂ ਲਾਟਾਂ ਹੋਰ ਤੇਜ਼ ਹੋ ਗਈਆਂ ਤੇ 4 ਬੱਚੇ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ : ਅੰਮ੍ਰਿਤਸਰ 'ਚ ਨਵ-ਜਨਮੇ ਬੱਚੇ ਨੂੰ ਲਿਫ਼ਾਫੇ 'ਚ ਪਾ ਕੇ ਗੰਦੇ ਨਾਲੇ 'ਚ ਸੁੱਟਿਆ

ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਪਿੰਡ ਪਿੰਡੀ ਅਮਰ ਸਿੰਘ ਵਾਲਾ ਦੀ ਅਮਨਦੀਪ ਕੌਰ ਨੂੰ ਇੰਡੀਆ ਕੌਂਸਲ ਵਾਰ ਚਾਈਲਡ ਵੈਲਫੇਅਰ ਵੱਲੋਂ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਉਸ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਦਿੱਤਾ ਜਾਵੇਗਾ। ਇਸ ਦੇ ਲਈ ਉਹ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਸਬੰਧੀ ਗੱਲ ਕਰਦਿਆਂ ਅਮਨਦੀਪ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਮੁੰਡਾ-ਕੁੜੀ ਵਿੱਚ ਫ਼ਰਕ ਨਹੀਂ ਸਮਝਿਆ। ਮਾਂ-ਪਿਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੱਚੀ ਦੀ ਇਸ ਬਹਾਦਰੀ 'ਤੇ ਮਾਣ ਹੈ ਕਿ ਉਸ ਨੇ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ। ਦੱਸ ਦੇਈਏ ਕਿ ਅਮਨਦੀਪ ਕੌਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਹ ਮਾਪਿਆਂ ਦੀ ਇਕਲੌਤੀ ਧੀ ਹੈ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਵਾਪਰੇ ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, ਪਿਓ-ਪੁੱਤ ਦੀ ਇਕੱਠਿਆਂ ਹੋਈ ਦਰਦਨਾਕ ਮੌਤ

ਆਪਣਾ ਜੀਵਨ ਕੁੜੀਆਂ ਦੀ ਬਿਹਤਰੀ ਲਈ ਸਮਰਪਿਤ ਕਰਨਾ ਚਾਹੁੰਦੀ ਹਾਂ : ਅਮਨਦੀਪ ਕੌਰ

ਅਮਨਦੀਪ ਕੌਰ ਨੇ ਕਿਹਾ ਕਿ ਉਹ ਆਪਣਾ ਜੀਵਨ ਕੁੜੀਆਂ ਦੀ ਬਿਹਤਰੀ ਲਈ ਸਮਰਪਿਤ ਕਰਨਾ ਚਾਹੁੰਦੀ ਹੈ। ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਉਤਸ਼ਾਹਿਤ ਕੀਤਾ ਹੈ। ਇਸ ਹਿੰਮਤ ਕਾਰਨ ਉਹ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਬਹਾਦਰੀ ਨਾਲ ਸਾਹਮਣਾ ਕਰ ਸਕੀ ਹੈ। ਉਨ੍ਹਾਂ ਨੇ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਖ਼ਾਸ ਤੌਰ 'ਤੇ ਆਪਣੀਆਂ ਕੁੜੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਯਤਨ ਕਰਨ ਤਾਂ ਜੋ ਕੁੜੀਆਂ ਵੀ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਣ। ਅਮਨਦੀਪ ਨੇ ਕਿਹਾ ਕਿ ਕੁੜੀਆਂ ਲਈ ਉੱਚ-ਸਿੱਖਿਆ ਬਹੁਤ ਜ਼ਰੂਰੀ ਹੈ ਤੇ ਅੱਜ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਹਨ। ਪਰਿਵਾਰ ਹੀ ਹਰ ਕੁੜੀ ਨੂੰ ਬਹਾਦਰ ਬਣਾ ਸਕਦਾ ਹੈ। ਇਸ ਲਈ ਪਰਿਵਾਰ ਦੀਆਂ ਕੁੜੀਆਂ ਨੂੰ ਮਜ਼ਬੂਤ ਬਣਾਓ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News