ਬਜਟ ’ਚ ਪੰਜਾਬ ਨੂੰ ਕੁੱਝ ਨਾ ਦੇਣ ਕਾਰਨ ਕੇਂਦਰ ਦਾ ਬਦਲਾਖ਼ੋਰੀ ਵਾਲਾ ਚਿਹਰਾ ਬੇਨਕਾਬ ਹੋਇਆ : ਅਰੋੜਾ
Wednesday, Jul 24, 2024 - 10:28 AM (IST)
ਚੰਡੀਗੜ੍ਹ (ਅੰਕੁਰ ) : ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੇਂਦਰੀ ਬਜਟ ਨੂੰ ਪੰਜਾਬ ਤੇ ਦੇਸ਼ ਦੇ ਅੰਨਦਾਤੇ ਪ੍ਰਤੀ ਬਦਲਾਖ਼ੋਰੀ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਨੇ ਕੇਂਦਰ ਸਰਕਾਰ ਦਾ ਬਦਲਾਖ਼ੋਰੀ ਵਾਲਾ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਉਹ ਪੰਜਾਬ ’ਚ ਲੋਕ ਸਭਾ ਚੋਣਾਂ ’ਚ ਇਕ ਵੀ ਸੀਟ ਜਿੱਤਣ ’ਚ ਅਸਫ਼ਲ ਰਹੀ। ਬਜਟ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਸਰਕਾਰ ਦਾ ਵਿਸ਼ੇਸ਼ ਧਿਆਨ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣਾ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਬਿਜਲੀ ਦਫ਼ਤਰ 'ਚ ਅਚਾਨਕ ਵਿਧਾਇਕ ਨੇ ਮਾਰਿਆ ਛਾਪਾ, ਜੰਮ ਕੇ ਪਾਈ ਮੁਲਾਜ਼ਮਾਂ ਨੂੰ ਝਾੜ
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਜੋਂ ਜਾਣੇ ਜਾਂਦੇ ਪੰਜਾਬ ਨੇ ਦੇਸ਼ ਨੂੰ ਖ਼ੁਰਾਕ ਸੁਰੱਖਿਆ ਦੇ ਮਾਮਲੇ ’ਚ ਆਤਮ ਨਿਰਭਰ ਬਣਾਇਆ ਪਰ ਇਸ ਦੇ ਬਾਵਜੂਦ ਕੇਂਦਰੀ ਬਜਟ ’ਚ ਸਰਹੱਦੀ ਸੂਬੇ ਨੂੰ ਅੱਖੋਂ-ਪਰੋਖੇ ਕਰਦਿਆਂ ਖੇਤੀਬਾੜੀ, ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਦੇ ਉਲਟ ਆਪਣੀ ਲੰਗੜੀ ਸਰਕਾਰ ਨੂੰ ਬਚਾਉਣ ਲਈ ਭਾਜਪਾ ਨੇ ਆਪਣੀਆਂ ਭਾਈਵਾਲ ਪਾਰਟੀਆਂ ਟੀ. ਡੀ. ਪੀ. ਤੇ ਜੇ. ਡੀ. (ਯੂ) ਪ੍ਰਸ਼ਾਸਿਤ ਸੂਬਿਆਂ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਸੌਗਾਤਾਂ ਦਿੱਤੀਆਂ ਹਨ। ਆਫ਼ਤ ਪ੍ਰਬੰਧਨ, ਫ਼ਸਲੀ ਵਿਭਿੰਨਤਾ, ਉਦਯੋਗ ਜਾਂ ਐੱਮ. ਐੱਸ. ਐੱਮ. ਈਜ਼ ਲਈ ਕੋਈ ਵੀ ਵਿਸ਼ੇਸ਼ ਗ੍ਰਾਂਟ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਲਾਂਡਰਾ ਤੋਂ ਖਰੜ ਜਾਣ ਵਾਲੇ ਦੇਣ ਧਿਆਨ, ਇਸ Road 'ਤੇ ਲੱਗਾ ਭਾਰੀ ਜਾਮ (ਵੀਡੀਓ)
ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਉਪਜ ਦੀ ਕਾਨੂੰਨੀ ਗਾਰੰਟੀ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਬਾਰੇ ਇਕ ਸ਼ਬਦ ਵੀ ਬੋਲਣ ਨੂੰ ਰਾਜ਼ੀ ਨਹੀਂ, ਸਗੋਂ ਇਸ ਦੇ ਉਲਟ ਕਿਸਾਨਾਂ ’ਤੇ ਹੋਰ ਬੋਝ ਪਾਉਣ ਲਈ ਖਾਦਾਂ ਦੀ ਸਬਸਿਡੀ ’ਚ ਵੀ ਕਟੌਤੀ ਕਰ ਦਿੱਤੀ ਗਈ ਹੈ, ਜੋ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਸਾਡੇ ਕਿਸਾਨ ਵੀਰਾਂ ਨਾਲ ਭੱਦਾ ਮਜ਼ਾਕ ਹੈ।
ਸਰਕਾਰ ਪੰਜ ਸੂਬਿਆਂ ’ਚ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਖੋਖਲੇ ਵਾਅਦੇ ਕਰ ਰਹੀ ਹੈ ਅਤੇ ਸਪੱਸ਼ਟ ਤੌਰ ’ਤੇ ਇਹ ਦੱਸਣ ਤੋਂ ਬਚ ਰਹੀ ਹੈ ਕਿ ਕਿਹੜੇ ਸੂਬਿਆਂ ਨੂੰ ਇਸ ਦਾ ਲਾਭ ਹੋਵੇਗਾ ਜਾਂ ਉਧਾਰੀ ਦੀ ਹੱਦ (ਕ੍ਰੈਡਿਟ ਲਿਮਟ) ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸਪੱਸ਼ਟਤਾ ਕਾਰਨ ਕਿਸਾਨ ਆਪਣੇ ਭਵਿੱਖ ਬਾਰੇ ਫ਼ਿਕਰਮੰਦ ਤੇ ਦੁਚਿੱਤੀ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਵਿਵਾਦਪੂਰਨ ਅਗਨੀਵੀਰ ਸਕੀਮ ਨੂੰ ਖ਼ਤਮ ਕਰਨ ਤੇ ਫ਼ੌਜ ਦੀ ਰਵਾਇਤੀ ਭਰਤੀ ਪ੍ਰਕਿਰਿਆ ਨੂੰ ਬਹਾਲ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਦੀ ਦੁਰਦਸ਼ਾ ’ਤੇ ਟਾਲਾ ਵੱਟੀ ਬੈਠੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8