''ਅਮਨ ਅਰੋੜਾ'' ਵਲੋਂ ਕਾਂਗਰਸ ''ਤੇ ਬਿਜਲੀ ਕੰਪਨੀਆਂ ਨਾਲ ਗੰਢ-ਤੁੱਪ ਦੇ ਦੋਸ਼
Saturday, Jan 11, 2020 - 04:15 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਸਰਕਾਰ 'ਤੇ ਬਿਜਲੀ ਕੰਪਨੀਆਂ ਨਾਲ ਗੰਢ-ਤੁੱਪ ਕਰਨ ਦੇ ਦੋਸ਼ ਲਾਏ ਹਨ। ਅਮਨ ਅਰੋੜਾ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਿਜਲੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਨੂੰ ਮਹਿੰਗੀ ਬਿਜਲੀ ਨੇ ਪਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ਕੰਪਨੀਆਂ ਨਾਲ ਕੀਤੇ ਉਨ੍ਹਾਂ ਸਮਝੌਤਿਆਂ ਨੂੰ ਜਾਣ-ਬੁੱਝ ਕੇ ਰੱਦ ਨਹੀਂ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਜਨਤਾ ਮਹਿੰਗੀ ਬਿਜਲੀ ਲੈਣ ਲਈ ਮਜਬੂਰ ਹੈ।
ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਬਾਹਰ ਪ੍ਰਦਰਸ਼ਨ ਕਰ ਰਹੇ ਪਾਰਟੀ ਨੇਤਾਵਾਂ ਅਤੇ ਵਰਕਰਾਂ 'ਤੇ ਚੰਡੀਗੜ੍ਹ ਦੀ ਪੁਲਸ ਵਲੋਂ ਕਹਿਰ ਢਾਹਿਆ ਗਿਆ ਅਤੇ ਪਾਣੀ ਦੀਆਂ ਬੌਛਾਰਾਂ ਸਮੇਤ ਲਾਠੀਚਾਰਜ ਕੀਤਾ ਗਿਆ, ਜਿਸ ਦੌਰਾਨ ਕਈ ਆਗੂ ਤੇ ਵਰਕਰ ਜ਼ਖਮੀਂ ਹੋ ਗਏ। ਅਮਨ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਉਹ ਚੰਡੀਗੜ੍ਹ ਪੁਲਸ ਦੇ ਖਿਲਾਫ ਰਾਜਪਾਲ ਨੂੰ ਮੈਮੋਰੈਂਡਮ ਸੌਂਪਣਗੇ।