ਪੰਜਾਬ ਅੰਦਰ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ: ਅਮਨ ਅਰੋੜਾ

Sunday, Aug 08, 2021 - 05:06 PM (IST)

ਦਿੜ੍ਹਬਾ ਮੰਡੀ  (ਅਜੈ ): ਸੂਬੇ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੋਣ ਦੇ ਬਾਵਜੂਦ ਵੀ ਅੱਜ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਿਨ ਪ੍ਰਤੀਦਿਨ ਲਗਾਤਾਰ ਬੁਰੀ ਤਰ੍ਹਾਂ ਵਿਗੜ੍ਹਦੀ ਜਾ ਰਹੀ ਹੈ, ਸੂਬੇ ਅੰਦਰ ਰੋਜ਼ਾਨਾ ਲੁੱਟਾਂ ਖੋਹਾਂ ਦੀਆਂ ਦਰਜਨਾਂ ਵਾਰਦਾਤਾਂ ਤੇ ਨਸ਼ਿਆਂ ਦੀ ਤਸਕਰੀ ਧੜੱਲੇ ਨਾਲ ਹੋ ਰਹੀ ਹੈ। ਬੀਤੇ ਦਿਨ ਇੱਕ ਨੌਜਵਾਨ ਦਾ ਚਿੱਟੇ ਦਿਨ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦੇਣ ਦੀ ਘਟਨਾ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਪਰ ਮੁੱਖ ਮੰਤਰੀ ਲੋਕਾਂ ਦੀ ਫ਼ਿਕਰ ਕਰਨ ਦੀ ਬਜਾਏ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੇ ਸ਼ਾਹੀ ਇਕਾਂਵਾਸ ਵਿੱਚ ਹਨ।

ਇਹ ਵੀ ਪੜ੍ਹੋ :  ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕਾਂਡ ’ਚ ਇਕ ਗੈਂਗਸਟਰ ਗ੍ਰਿਫ਼ਤਾਰ

ਉਕਤ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਦਿੜ੍ਹਬਾ ਵਿਖੇ ਹਰਪਾਲ ਸਿੰਘ ਚੀਮਾ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਰਖਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਹਾਈਕਮਾਨ ਬੜੀਆਂ ਡੂੰਘੀਆਂ ਚਾਲਾਂ ਚੱਲ ਰਹੀ ਹੈ ਪਹਿਲਾਂ ਕੈਪਟਨ ਨੇ ਸਾਢੇ ਚਾਰ ਸਾਲ ਪੰਜਾਬ ਲਈ ਕੁੱਝ ਨਹੀਂ ਕੀਤਾ। ਹੁਣ ਪਾਰਟੀ ਦੀ ਡੁੱਬਦੀ ਬੇੜੀ ਦੇਖ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਅਤੇ ਸੂਬੇ ਦੇ ਲੋਕਾਂ ਨੂੰ ਇੱਕ ਵਾਰ ਫਿਰ ਨਵੇਂ ਵਾਅਦਿਆਂ, ਕਸਮਾਂ ਤੇ ਸਗੂਫਿਆਂ ਨਾਲ ਮੂਰਖ ਬਣਾਉਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਹਿੰਦੇ ਹਨ ਕਿ ਅਸੀਂ 2022 ’ਚ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਆਖ ਰਹੇ ਹਨ ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਤੁਸੀਂ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹੋ ਜਾ ਕਿਸੇ ਵਿਰੋਧੀ ਪਾਰਟੀ ਦੇ ਪ੍ਰਧਾਨ ਹੋ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ

ਸਰਕਾਰ ਤੁਹਾਡੀ ਹੈ ਤੇ ਪੰਜ ਮਹੀਨੇ ਸਰਕਾਰ ਦੇ ਰਹਿੰਦੇ ਹਨ ਫ਼ਿਰ ਤੁਸੀਂ ਕਿਉਂ 2022 ਦਾ ਇੰਤਜ਼ਾਰ ਕਰਦੇ ਹੋ ਜੋ ਕਰਨਾ ਹੈ ਅੱਜ ਵੀ ਕਰ ਸਕਦੇ ਹੋ। ਜੇਕਰ ਸਿੱਧੂ ਚਾਹੁੰਦੇ ਤਾਂ ਇਹ ਕੰਮ ਢਾਈ ਸਾਲ ਪਹਿਲਾਂ ਵੀ ਕਰ ਸਕਦੇ ਸੀ ਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਆਫ਼ਰ ਕੀਤਾ ਸੀ। ਮੈਂ ਉਦੋਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਮਹਿਕਮਾ ਸੰਭਾਲ ਲਵੋਂ ਸਾਡੇ ਕੋਲ ਪੂਰੇ ਦਸਤਾਵੇਜ ਤੇ ਪੂਰਾ ਰਿਕਾਰਡ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਅੰਦਰੋਂ ਪਾਵਰ ਮਾਫੀਆ ਖ਼ਤਮ ਕਰਕੇ ਬਿਜਲੀ 3 ਰੁਪਏ ਸਸਤੀ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ 5 ਤੋਂ 7 ਹਜ਼ਾਰ ਕਰੋੜ ਰੁਪਏ ਬਚਾਏ ਜਾ ਸਕਦੇ ਹਨ। ਪਰ ਉਨ੍ਹਾਂ ਨੇ ਉਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਰਕੇ ਅੱਜ ਪੰਜਾਬ ਦੇ ਲੋਕ ਮਹਿੰਗੀ ਬਿਜਲੀ ਖ਼ਰੀਦਣ ਲਈ ਮਜਬੂਰ ਹਨ। ਉਨ੍ਹਾਂ ਅਕਾਲੀ ਦਲ ਬਾਰੇ ਕਿਹਾ ਕਿ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਤਾਂ ਪੰਜਾਬ ਦੇ ਲੋਕਾਂ ਨੂੰ ਸਿਰਫ ਲੁੱਟਿਆ ਤੇ ਕੁੱਟਿਆ ਸੀ ਪਰ ਹੁਣ ਇੱਕ ਵਾਰ ਫਿਰ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਨਵੇਂ-ਨਵੇਂ ਵਾਅਦੇ ਕੀਤੇ ਜਾ ਰਹੇ ਹਨ ਪਰ ਹੁਣ ਸੂਬੇ ਦੇ ਲੋਕ ਇਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਜਿਸ ਕਰਕੇ ਉਹ ਇਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਬਹਕਾਵੇ ਵਿੱਚ ਨਹੀਂ ਆਉਣਗੇ। ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਮੌਜੇਵਾਲਾ ਦੇ ਕਿਸਾਨ ਦੀ ਮੌਤ


Shyna

Content Editor

Related News