ਜੇਕਰ ਤੁਸੀਂ ਵੀ ਰਾਤ ਦੇ ਸਮੇਂ ਘਰ ਜਾਂ ਦੁਕਾਨ ਦੇ ਬਾਹਰ ਖੜ੍ਹੀ ਕਰਦੇ ਹੋ ਕਾਰ ਤਾਂ ਹੋ ਜਾਓ ਸਾਵਧਾਨ
Sunday, Apr 23, 2023 - 12:10 PM (IST)
ਜਲੰਧਰ (ਵਰੁਣ)–ਰਾਤ ਦੇ ਸਮੇਂ ਜੇਕਰ ਤੁਸੀਂ ਆਪਣੀ ਗੱਡੀ ਘਰ ਜਾਂ ਦੁਕਾਨ ਦੇ ਬਾਹਰ ਖੁੱਲ੍ਹੇ ਵਿਚ ਖੜ੍ਹੀ ਕਰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ। ਸ਼ਹਿਰ ਵਿਚ ਇਸ ਸਮੇਂ ਆਲਟੋ ਗੈਂਗ ਸਰਗਰਮ ਹੈ, ਜਿਹੜਾ ਕਿ ਦੇਰ ਰਾਤ ਸ਼ਹਿਰ ਵਿਚੋਂ ਗੱਡੀਆਂ ਚੋਰੀਆਂ ਕਰਦਾ ਹੈ। ਇਸੇ ਗੈਂਗ ਨੇ 19 ਅਪ੍ਰੈਲ ਨੂੰ ਐੱਸ. ਬੀ. ਡੀ. ਐੱਸ. ਨਗਰ (ਸ਼ਹੀਦ ਬਾਬਾ ਦੀਪ ਸਿੰਘ ਨਗਰ) ਵਿਚੋਂ ਸਫਾਰੀ ਅਤੇ ਹਾਂਡਾ ਸਿਟੀ ਕਾਰ ਚੋਰੀ ਕੀਤੀਆਂ ਸਨ, ਜਿਸ ਤੋਂ ਬਾਅਦ ਉਹੀ ਆਲਟੋ ਕਾਰ ਹੁਣ ਸ਼ੁੱਕਰਵਾਰ ਦੇਰ ਰਾਤ ਸੂਰਿਆ ਐਨਕਲੇਵ ਵਿਚ ਘੁੰਮਦੀ ਦਿਸੀ, ਜਿਨ੍ਹਾਂ ਨੇ ਇਕ ਹਾਂਡਾ ਸਿਟੀ ਕਾਰ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਗੱਡੀ ਦੇ ਫੀਚਰ ਹਾਈਟੈੱਕ ਹੋਣ ਕਾਰਨ ਉਨ੍ਹਾਂ ਉਸਨੂੰ ਛੱਡ ਦਿੱਤਾ।
ਚਿੱਟੇ ਰੰਗ ਦੀ ਆਲਟੋ ਕਾਰ 21 ਅਪ੍ਰੈਲ ਦੀ ਰਾਤ 2.44 ਵਜੇ ਸੂਰਿਆ ਐਨਕਲੇਵ ਵਿਚ ਕਾਫ਼ੀ ਮੱਠੀ ਰਫ਼ਤਾਰ ਨਾਲ ਆਉਂਦੀ ਵਿਖਾਈ ਦਿੱਤੀ। ਜਿਉਂ ਹੀ ਇਕ ਘਰ ਦੇ ਬਾਹਰ ਗੱਡੀ ਸਵਾਰ ਚੋਰਾਂ ਨੇ ਹਾਂਡਾ ਸਿਟੀ ਕਾਰ ਖੜ੍ਹੀ ਦੇਖੀ ਤਾਂ ਉਹ ਅੱਗੇ ਜਾ ਕੇ ਦੋਬਾਰਾ ਵਾਪਸ ਆਏ ਅਤੇ ਉਦੋਂ ਉਨ੍ਹਾਂ ਦੀ ਗੱਡੀ ਦੀਆਂ ਲਾਈਟਾਂ ਬੰਦ ਸਨ। ਹਾਂਡਾ ਸਿਟੀ ਕਾਰ ਦੇ ਨੇੜੇ ਆਲਟੋ ਬਿਲਕੁਲ ਹੌਲੀ ਹੋ ਗਈ ਪਰ ਉਸਦੇ ਫੀਚਰ ਹਾਈਟੈੱਕ ਹੋਣ ਕਾਰਨ ਆਲਟੋ ਉਥੋਂ ਨਿਕਲ ਗਈ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਜੱਦੀ ਪਿੰਡ ਪਹੁੰਚੀ ਸੇਵਕ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਇਹ ਉਹੀ ਗੱਡੀ ਹੈ, ਜਿਹੜੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਸਫਾਰੀ ਅਤੇ ਹਾਂਡਾ ਸਿਟੀ ਕਾਰ ਨੂੰ ਚੋਰੀ ਕਰਨ ਵਿਚ ਵਰਤੀ ਗਈ ਸੀ। ਗੱਡੀ ਸਵਾਰ ਚੋਰਾਂ ਕੋਲ ਹਥਿਆਰ ਵੀ ਦੇਖੇ ਗਏ ਸਨ। ਇੰਨਾ ਹੀ ਨਹੀਂ, ਇਕ ਰਾਤ ਵਿਚ 2-2 ਗੱਡੀਆਂ ਚੋਰੀ ਹੋਣ ਦੇ ਬਾਵਜੂਦ ਰਾਤ ਦੇ ਸਮੇਂ ਉਸੇ ਆਲਟੋ ਵਿਚ ਸਵਾਰ ਹੋ ਕੇ ਸ਼ਹਿਰ ਵਿਚ ਰੇਕੀ ਕਰਨ ਅਤੇ ਫਿਰ ਗੱਡੀਆਂ ਚੋਰੀ ਕਰਨ ਤੋਂ ਬਾਅਦ ਵੀ ਪੁਲਸ ਐਕਟਿਵ ਨਹੀਂ ਹੋਈ, ਜਿਸ ਦਾ ਨਤੀਜਾ ਹੈ ਕਿ ਆਲਟੋ ਸਵਾਰ ਚੋਰ ਸ਼ਰੇਆਮ ਰਾਤ ਦੇ ਸਮੇਂ ਪੁਲਸ ਦੇ ਖੌਫ ਤੋਂ ਬਿਨਾਂ ਘੁੰਮ ਰਹੇ ਹਨ।
ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਹੋਈਆਂ ਵਾਰਦਾਤਾਂ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ। ਹਾਲਾਂਕਿ ਆਲਟੋ ਗੱਡੀ ਸੰਗਤ ਸਿੰਘ ਨਗਰ ਦੇ ਪਤੇ ’ਤੇ ਰਜਿਸਟਰਡ ਹੈ ਪਰ ਪਹਿਲਾਂ ਮਾਲਕ ਨੇ ਇਕ ਕਾਰ ਇਕ ਡੀਲਰ ਨੂੰ ਵੇਚ ਦਿੱਤੀ ਸੀ ਅਤੇ ਫਿਰ ਡੀਲਰ ਨੇ ਉਕਤ ਗੱਡੀ ਮੁਕੇਰੀਆਂ ਵਿਚ ਵੇਚ ਦਿੱਤੀ ਸੀ। ਚੋਰਾਂ ਬਾਰੇ ਅਜੇ ਪੁਲਸ ਕੋਈ ਇਨਪੁੱਟ ਨਹੀਂ ਜੁਟਾ ਸਕੀ, ਜਿਸ ਕਾਰਨ ਸ਼ਹਿਰ ਵਿਚ ਅਜਿਹੀਆਂ ਵਾਰਦਾਤਾਂ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੀ ਹਰਕਮਲ ਕੌਰ ਨੇ ਇੰਗਲੈਂਡ 'ਚ ਗੱਡੇ ਸਫ਼ਲਤਾ ਦੇ ਝੰਡੇ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।