ਸ਼ਰਾਬ ਨਾਲ ਟੱਲੀ ਹੌਲਦਾਰ ਨੇ ਝਗੜਾ ਕਰਨ ਵਾਲੇ ਦੋਵੇਂ ਧਿਰਾਂ ਦੇ ਲੋਕਾਂ ਨੂੰ ਕੁੱਟਿਆ

06/11/2018 6:18:52 AM

ਲੁਧਿਆਣਾ, (ਤਰੁਣ)- ਬੀਤੀ ਰਾਤ ਥਾਣਾ ਡਵੀਜ਼ਨ ਨੰ. 3 ਨੇੜੇ ਜਲੰਧਰ ਦਾ ਇਕ ਨੌਜਵਾਨ ਆਪਣੇ ਰਿਸ਼ਤੇਦਾਰਾਂ ਨਾਲ ਇਕ ਰੇਹੜੀ 'ਤੇ ਗੋਲਗੱਪੇ ਖਾ ਰਿਹਾ ਸੀ। ਨੌਜਵਾਨ ਦੇ ਅਨੁਸਾਰ ਰੇਹੜੀ 'ਤੇ ਉਹ ਗਲਤੀ ਨਾਲ ਆਪਣਾ ਮੋਬਾਇਲ ਭੁੱਲ ਗਿਆ, ਜਦ ਉਹ ਮੋਬਾਇਲ ਵਾਪਸ ਲੈਣ ਗਏ ਤਾਂ ਗੋਲਗੱਪੇ ਵਾਲੇ ਨੇ ਕਿਹਾ ਕਿ ਇਥੇ ਕੋਈ ਮੋਬਾਇਲ ਨਹੀਂ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਵਿਵਾਦ ਅਤੇ ਗਾਲ੍ਹਾਂ ਕੱਢਣ ਦਾ ਮਾਹੌਲ ਬਣ ਗਿਆ।
ਤਦ ਨਸ਼ੇ ਵਿਚ ਟੱਲੀ ਇਕ ਹੌਲਦਾਰ ਪਿਆਰਾ ਸਿੰਘ ਮੌਕੇ 'ਤੇ ਪਹੁੰਚਿਆ ਅਤੇ ਉਸ ਨੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਬਾਅਦ ਲੋਕਾਂ ਨੇ ਵਿਰੋਧ ਜਤਾਇਆ ਤਾਂ ਹੌਲਦਾਰ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਮਲਾ ਗਰਮਾ ਗਿਆ ਅਤੇ ਸ਼ਨੀਵਾਰ ਦੇਰ ਰਾਤ ਤੱਕ ਮੀਡੀਆ ਵੀ ਥਾਣੇ ਦੇ ਬਾਹਰ ਇੰਤਜ਼ਾਰ ਕਰਦਾ ਦਿਖਾਈ ਦਿੱਤਾ। 
ਦੋਵਾਂ ਧਿਰਾਂ ਦੇ ਪੀੜਤ ਲੋਕ ਮੁਲਾਜ਼ਮ ਦੇ ਖਿਲਾਫ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ। ਜਾਂਚ ਪੜਤਾਲ ਤੋਂ ਬਾਅਦ ਮੁਲਾਜ਼ਮ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਭੇਜ ਦਿੱਤਾ ਗਿਆ। ਥਾਣਾ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਨਸ਼ੇ 'ਚ ਹੌਲਦਾਰ ਪਿਆਰਾ ਸਿੰਘ ਨੇ ਇਕ ਵਿਅਕਤੀ ਨਾਲ ਕੁੱਟ-ਮਾਰ ਕੀਤੀ। ਫਿਲਹਾਲ ਪੁਲਸ ਨੇ ਹੌਲਦਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। 
ਏ. ਐੱਸ. ਆਈ. ਦੇਖਦਾ ਰਿਹਾ ਤਮਾਸ਼ਾ 
ਇਕ ਏ. ਐੱਸ. ਆਈ. ਘਟਨਾ ਸਥਾਨ 'ਤੇ ਮੌਜੂਦ ਸੀ, ਜੋ ਕਿ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦਾ ਰਿਹਾ। ਉਸ ਨੇ ਲਾਠੀਆਂ ਵਰ੍ਹਾਉਂਦੇ ਅਤੇ ਕੁੱਟ-ਮਾਰ ਕਰਦੇ ਪਿਆਰਾ ਸਿੰਘ ਨੂੰ ਰੋਕਣ ਦਾ ਯਤਨ ਤੱਕ ਨਹੀਂ ਕੀਤਾ। ਫਿਲਹਾਲ ਪੁਲਸ ਦੇ ਉੱਚ ਅਧਿਕਾਰੀਆਂ ਨੇ ਏ. ਐੱਸ. ਆਈ. ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਹੈ।


Related News