ਗਠਜੋੜ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ

09/27/2020 6:39:58 PM

ਰੋਪੜ : ਗਠਜੋੜ ਤੋੜਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਪ੍ਰਤੀ ਰੁਖ ਹੋਰ ਵੀ ਹਮਲਾਵਰ ਹੋ ਗਿਆ ਹੈ। ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪਹਿਲੀ ਤਾਰੀਖ ਨੂੰ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਕਿਸਾਨ ਮਾਰਚ ਸ਼ੁਰੂ ਕਰੇਗਾ ਅਤੇ ਇਹ ਕਿਸਾਨ ਮਾਰਚ ਦਿੱਲੀ ਦਾ ਤਖ਼ਤ ਹਿਲਾ ਦੇਵੇਗਾ। ਰੋਪੜ 'ਚ ਅਕਾਲੀ ਵਰਕਰਾਂ ਨਾਲ ਮੀਟਿੰਗ ਦੌਰਾਨ ਸੁਖਬੀਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ ਅਤੇ ਭਾਰਤ ਵਿਚ ਸਿਰਫ ਅਕਾਲੀ ਦਲ ਹੀ ਹੈ, ਜਿਸ ਨੂੰ ਗਰੀਬਾਂ ਅਤੇ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ। ਬਾਵਜੂਦ ਇਸ ਦੇ ਕੇਂਦਰ ਨੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਅਕਾਲੀ ਦਲ ਨਾਲ ਸਲਾਹ ਤਕ ਨਹੀਂ ਕੀਤੀ। 

ਇਹ ਵੀ ਪੜ੍ਹੋ :  ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

ਸੁਖਬੀਰ ਨੇ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਦੇ ਲਾਗੂ ਹੋਣ ਨਾਲ ਸਿਰਫ ਕਿਸਾਨ ਹੀ ਨਹੀਂ ਸਗੋਂ ਆੜ੍ਹਤੀਏ, ਖੇਤ ਮਜ਼ਦੂਰਾਂ, ਮੰਡੀਆਂ ਮਜ਼ਦੂਰਾਂ 'ਤੇ ਵੀ ਸਿੱਧਾ ਅਸਰ ਪਵੇਗਾ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਆਖ ਰਹੀ ਹੈ ਕਿ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਦੋ ਮੁੱਖ ਮੰਤਰੀ ਸ਼ਾਮਲ ਸਨ, ਇਸ ਦੇ ਬਾਵਜੂਦ ਕੈਪਟਨ ਨੇ ਕੁਝ ਨਹੀਂ ਕੀਤਾ। 

ਇਹ ਵੀ ਪੜ੍ਹੋ :  ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ 'ਏ ਅਤੇ ਬੀ' ਟੀਮ ਦੱਸਦਿਆਂ ਸੁਖਬੀਰ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਆਪਸ 'ਚ ਰਲੀਆਂ ਹੋਈਆਂ ਹਨ, ਇਸੇ ਲਈ ਇਨ੍ਹਾਂ ਦੋਵਾਂ ਨੇ ਸਦਨ ਵਿਚ ਖੇਤੀ ਬਿੱਲਾਂ ਖ਼ਿਲਾਫ਼ ਵੋਟਿੰਗ ਨਹੀਂ ਕੀਤੀ। ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਅਤੇ ਰਵਨੀਤ ਬਿੱਟੂ ਆਖ ਰਹੇ ਹਨ ਕਿ ਸਦਨ ਵਿਚ ਵੋਟਿੰਗ ਹੋਈ ਹੀ ਨਹੀਂ ਪਰ ਜੇ ਵੋਟਿੰਗ ਨਹੀਂ ਹੋਈ ਤਾਂ ਐਕਟ ਕਿੱਥੋਂ ਪਾਸ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦੋਗਲਾ ਚਿਹਰਾ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਕਾਂਗਰਸ ਦੀ ਭਾਈਵਾਲ ਸ਼ਿਵ ਸੈਨਾ ਨੇ ਇਸ ਆਰਡੀਨੈਂਸ ਦੇ ਹੱਕ ਵਿਚ ਵੋਟ ਪਾਈ ਹੈ।

ਇਹ ਵੀ ਪੜ੍ਹੋ :  ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ

ਹੁਣ ਕੈਪਟਨ ਰਾਹੁਲ ਗਾਂਧੀ ਨੂੰ ਕਹਿਣ ਕਿ ਸ਼ਿਵ ਸੇਨਾ ਇਸ ਦੇ ਵਿਰੋਧ ਵਿਚ ਭੁਗਤੇ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ ਕਿ ਕੈਪਟਨ ਆਖ ਰਹੇ ਹਨ ਕਿ ਉਹ ਕਿਸਾਨਾਂ ਦੀ ਅਗਵਾਈ ਕਰਨ ਲਈ ਤਿਆਰ ਹਨ ਪਰ ਪਹਿਲਾਂ ਕੈਪਟਨ ਲੱਭਣ ਤਾਂ ਸਹੀ। ਪਿਛਲੇ ਤਿੰਨ ਸਾਲਾਂ 'ਚ ਤਾਂ ਉਹ ਕਿਤੇ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਘਰਾਂ ਵਿਚ ਬੈਠ ਕੇ ਅੰਦੋਲਨ ਦੀ ਅਗਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫੇ ਨੂੰ 'ਬੰਬ' ਆਖਣ ਵਾਲੇ ਸੁਖਬੀਰ ਦੇ ਬਿਆਨ 'ਤੇ ਕੈਪਟਨ ਦੀ ਚੁਟਕੀ


Gurminder Singh

Content Editor

Related News