ਖਾਲਿਸਤਾਨ ਹਊਆ ਨਹੀਂ, ਇਸ ''ਚ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਬਰਾਬਰ ਦੇ ਹਿੱਸੇਦਾਰ ਹੋਣਗੇ : ਦਲ ਖਾਲਸਾ
Sunday, Nov 12, 2017 - 06:37 AM (IST)
ਜਲੰਧਰ (ਚਾਵਲਾ) - ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਖਾਲਿਸਤਾਨ ਪ੍ਰਤੀ ਦਿੱਤੇ ਗਏ ਬਿਆਨ ਦੇ ਮੱਦੇਨਜ਼ਰ ਦਲ ਖਾਲਸਾ ਨੇ ਭਾਰਤੀ ਮੁੱਖ ਧਾਰਾ ਵਿਚ ਸਰਗਰਮ ਰਾਜਨੀਤਿਕ ਪਾਰਟੀਆਂ ਬੀ. ਜੇ. ਪੀ., ਕਾਂਗਰਸ ਅਤੇ ਆਪ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਸਿੱਖਾਂ ਦੀਆਂ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਅਮਨ ਅਤੇ ਕਾਨੂੰਨ ਦੀ ਸਮੱਸਿਆ ਦੇ ਨਾਂ ਹੇਠ ਰੋਲਣ ਦੀ ਕੋਸ਼ਿਸ਼ ਵਿਚ ਹਨ।ਪਾਰਟੀ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਮੌਜੂਦਾ ਸਿੱਖਾਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ, ਇਸ ਨੂੰ ਇਤਿਹਾਸ ਦੇ ਪਰਿਪੇਖ ਵਿਚ ਹੀ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਸ ਖਿੱਤੇ ਦੀ ਤੀਸਰੀ ਕੌਮ ਹੋਣ ਦੇ ਨਾਲ-ਨਾਲ ਪੰਜਾਬ ਉੱਤੇ ਸਿੱਖ ਰਾਜ ਦੀ ਨੀਂਹ ਰੱਖ ਚੁੱਕੇ ਹਨ, ਜਿਸ ਦੀਆਂ ਨੀਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀਆਂ ਸਨ ਅਤੇ ਜਿਸ ਨੂੰ ਮਜ਼ਬੂਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਕੀਤਾ ਸੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਰਫ ਉਹੀ ਕਿਹਾ ਜੋ ਕੌਮ ਦੀਆਂ ਸਮੂਹਿਕ ਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸਿੱਖ ਮਨਾਂ ਅੰਦਰ ਆਪਣੇ ਰਾਜ ਨੂੰ ਮੁੜ ਸਥਾਪਤ ਕਰਨ ਦੀ ਰੀਝ ਅੱਜ ਵੀ ਪੂਰੀ ਤਰ੍ਹਾਂ ਸਿੱਖ ਮਾਨਸਿਕਤਾ ਵਿਚ ਪ੍ਰਬਲ ਹੈ। ਉਨ੍ਹਾਂ ਬੀ. ਜੇ. ਪੀ. ਦੇ ਬੁਲਾਰੇ ਨੂੰ ਆੜੇ ਹੱਥੀ ਲਿਆ, ਜਿਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਮਿਹਣਾ ਮਾਰਿਆ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨੂੰੰ ਦੁਬਾਰਾ ਪੜ੍ਹਨ । ਉਨ੍ਹਾਂ ਕਿਹਾ ਕਿ ਇਕ ਨਹੀਂ ਬਹੁਤ ਸਾਰੇ ਕੇਸ ਮੌਜੂਦ ਹਨ, ਜਿਥੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਨ ਨੂੰ ਦੇਸ਼ਧ੍ਰੋਹ ਨਹੀਂ ਮੰਨਿਆ। ਉਨ੍ਹਾਂ ਆਪਣੇ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨ ਲਈ ਜਿੰਨੇ ਵੀ ਦੇਸ਼ਧ੍ਰੋਹ ਦੇ ਕੇਸ ਆਜ਼ਾਦੀ ਪਸੰਦ ਜਥੇਬੰਦੀਆਂ ਦੇ ਕਾਰਕੁੰਨਾਂ 'ਤੇ ਪਾਏ ਗਏ ਸਨ, ਉਹ ਸਾਰੇ ਕਾਨੂੰਨ ਦੀ ਨਜ਼ਰ ਵਿਚ ਜਾਇਜ਼ ਨਹੀਂ ਠਹਿਰਾਏ ਗਏ।ਉਨ੍ਹਾਂ ਭਾਰਤੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਸਾਰੇ ਸ਼ੰਕੇ ਦੂਰ ਕਰਦਿਆਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਆਜ਼ਾਦ ਪੰਜਾਬ ਜਾਂ ਖਾਲਿਸਤਾਨ ਇਕੱਲਾ ਇਕ ਧਰਮ ਦੇ ਲੋਕਾਂ ਉਤੇ ਆਧਾਰਿਤ ਦੇਸ਼ ਨਹੀਂ ਹੋਵੇਗਾ ਬਲਕਿ ਇਸ ਵਿਚ ਹੋਰ ਬਾਕੀ ਸਾਰੇ ਭਾਈਚਾਰੇ ਹਿੰਦੂ, ਮੁਸਲਿਮ, ਈਸਾਈ ਅਤੇ ਦਲਿਤ ਵੀ ਬਰਾਬਰ ਦੇ ਹਿੱਸੇਦਾਰ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹਾਂ ਅਤੇ ਇਸ ਦਾ ਸਿਰਫ ਇਕੋ ਹੀ ਹੱਲ ਹੈ ਸਵੈ-ਨਿਰਣੇ।
