ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਬਚਾਉਣ ਲਈ ਸਮੁੱਚੇ ਪੰਜਾਬੀ ਅੱਗੇ ਆਉਣ : ਚੀਮਾ

02/24/2020 1:00:30 AM

ਬੱਸੀ ਪਠਾਣਾਂ,  (ਰਾਜਕਮਲ)- ਪੰਜਾਬ ਦੇ ਖੇਤੀਬਾਡ਼ੀ ਮੰਡੀਕਰਨ ਸਿਸਟਮ ਨੂੰ ਤੋਡ਼ਨ ਵਾਸਤੇ ਜੋ ਬਹੁਦੇਸ਼ੀ ਕੰਪਨੀਆਂ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਯਤਨ ਕਰ ਰਹੀਆਂ ਹਨ, ਜਿਸ ਦਾ ਮੂੰਹ ਤੋਡ਼ਵਾਂ ਜਵਾਬ ਦੇਣ ਵਾਸਤੇ 24 ਫਰਵਰੀ ਨੂੰ 11 ਵਜੇ ਸੈਕਟਰ 25 ਦੇ ਰੈਲੀ ਗਰਾਊਂਡ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ’ਚ ਆਡ਼੍ਹਤੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਪਿੱਛੇ ਹਟਣ ਤੇ ਪੰਜਾਬ ਸਰਕਾਰ ਵਲੋਂ ਦੇਸ਼ ਦੇ ਸਭ ਤੋਂ ਵੱਡੇ ਅੰਨ ਭੰਡਾਰ ’ਤੇ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਕਰਵਾਉਣ ਲਈ ਕੀਤੀਆਂ ਗਈਆਂ ਕਾਨੂੰਨੀ ਤਬਦੀਲੀਆਂ ਵਿਰੁੱਧ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੰਡੀਗਡ਼੍ਹ ਰੈਲੀ ਸਰਕਾਰੀ ਦਫਤਰਾਂ ਦੀਆਂ ਕੰਧਾਂ ਹਿਲਾ ਦੇਵੇਗੀ।

ਆਡ਼੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਪੰਜਾਬ ਦੇ ਮੰਡੀਕਰਨ ਸਿਸਟਮ ਨਾਲ ਹੀ ਪੰਜਾਬ ਦੇ ਬਾਜ਼ਾਰ ਤੇ ਇੰਡਸਟਰੀ ਜੁਡ਼ੀ ਹੈ। ਇਸ ਲਈ ਜੇਕਰ ਪੰਜਾਬ ਦਾ ਮੰਡੀਕਰਨ ਸਿਸਟਮ ਟੁੱਟਿਆ ਤਾਂ ਪੰਜਾਬ ਦੀ ਆਰਥਿਕਤਾ ’ਤੇ ਵੀ ਬਹੁਤ ਮਾਡ਼ਾ ਅਸਰ ਪਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾਡ਼ੀ ਕਾਨੂੰਨ ’ਚ ਜੇ ਫਾਰਮ ਤੇ ਆਈ ਫਾਰਮਾਂ ’ਚ ਬਦਲਾਅ ਕਰ ਕੇ ਇਸ ’ਚ ਕਿਸਾਨਾਂ ਦੇ ਬੈਂਕ ਖਾਤੇ ਅਤੇ ਬਾਕੀ ਆਧਾਰ ਕਾਰਡ ਸਮੇਤ ਸਾਰੀਆਂ ਡਿਟੇਲਾਂ ਦੇਣੀਆਂ ਲਾਜ਼ਮੀ ਕਰ ਦਿੱਤੀਆਂ ਹਨ, ਜਿਸ ਦਾ ਮੁੱਖ ਮਕਸਦ ਪੰਜਾਬ ਦੇ ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਆਪਸ ’ਚ ਲਡ਼ਾਉਣਾ ਹੈ ਤਾਂ ਜੋ ਪੰਜਾਬ ਦੀਆਂ ਮੰਡੀਆਂ ’ਚ ਵੱਡੀਆਂ ਕੰਪਨੀਆਂ ਖਰੀਦ ਕਰ ਸਕਣ, ਜਿਸ ਨਾਲ ਪੰਜਾਬ ਦਾ ਮੌਜੂਦਾ ਖੇਤੀਬਾਡ਼ੀ ਮੰਡੀਕਰਨ ਸਿਸਟਮ ਟੁੱਟ ਜਾਵੇਗਾ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਪੰਜਾਬ ਦਾ ਕਿਸਾਨ ਤੇ ਆਡ਼੍ਹ੍ਹਤੀ ਵਰਗ ਬਰਬਾਦ ਹੋ ਜਾਵੇਗਾ। ਚੀਮਾ ਨੇ ਕਿਹਾ ਕਿ 24 ਫ਼ਰਵਰੀ ਦੀ ਰੈਲੀ ’ਚ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਵੱਡੇ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਪੰਜਾਬ ਦੇ ਖੇਤੀਬਾਡ਼ੀ ਮੰਡੀਕਰਨ ਸਿਸਟਮ ਨੂੰ ਬਚਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਲਡ਼ਾਈ ਨੂੰ ਪੰਜਾਬੀਆਂ ਦੀ ਲਡ਼ਾਈ ਬਣਾਉਣਾ ਚਾਹੀਦਾ ਹੈ।


Bharat Thapa

Content Editor

Related News