ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
Friday, Mar 02, 2018 - 10:39 AM (IST)

ਮੱਲਾਂਵਾਲਾ (ਜਸਪਾਲ ਸਿੰਘ ਸੰਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਲ ਕਟੋਰਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਰਤਾਰੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਦੋਸ਼ ਲਾਇਆ ਕਿ ਜਿਸ ਸਮੇਂ ਮੌਜੂਦਾ ਵਿੱਤ ਮੰਤਰੀ ਪੀਪਲਜ਼ ਪਾਰਟੀ ਚਲਾਉਂਦੇ ਸਨ, ਉਸ ਸਮੇਂ ਉਹ ਖੁਦ ਅਕਾਲੀ ਸਰਕਾਰ ਵਿਰੁੱਧ ਆਂਗਣਵਾੜੀ ਵਰਕਰਾਂ ਵੱਲੋਂ ਲਾਏ ਧਰਨੇ ਵਿਚ ਆ ਕੇ ਬੈਠਦੇ ਸਨ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਸਨ।
ਆਗੂਆਂ ਨੇ ਕਿਹਾ ਕਿ ਹੁਣ ਇਨ੍ਹਾਂ ਦੇ ਹੱਥ ਤਾਕਤ ਆਈ ਹੈ ਅਤੇ ਹੁਣ ਇਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਧਮਕੀਆਂ ਦੇ ਰਹੇ ਹਨ। ਆਗੂਆਂ ਕਿਹਾ ਕਿ ਜਿੰਨੀ ਦੇਰ ਤੱਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਭੱਤੇ ਵਿਚ ਵਾਧਾ ਨਹੀਂ ਹੁੰਦਾ ਅਤੇ ਰੁਕੇ ਹੋਏ ਬਿੱਲ ਪਾਸ ਨਹੀਂ ਹੁੰਦੇ, ਉਨੀ ਦੇਰ ਤੱਕ ਸਾਡੀ ਯੂਨੀਅਨ ਸੰਘਰਸ਼ ਕਰਦੀ ਰਹੇਗੀ। ਇਸ ਸਮੇਂ ਸਰਕਲ ਪ੍ਰਧਾਨ ਮਹਿੰਦਰ ਕੌਰ, ਰਜਵੰਤ ਕੌਰ, ਜਸਵਿੰਦਰ ਕੌਰ ਕਟੋਰਾ, ਜਸਵਿੰਦਰ ਕੌਰ ਵਕੀਲਾਂ ਵਾਲਾ, ਅਮਨ ਆਰਿਫ ਕੇ ਆਦਿ ਸਮੇਤ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।