ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

Wednesday, Jun 07, 2023 - 12:11 PM (IST)

ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਜਲੰਧਰ  (ਖੁਰਾਣਾ) : ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਲ੍ਹੇ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਪੰਜਾਬ ਦਾ ਨਵਾਂ ਲੋਕਲ ਬਾਡੀਜ਼ ਮੰਤਰੀ ਬਣਾ ਕੇ ਜਿਥੇ ਪੂਰੇ ਦੋਆਬਾ ਇਲਾਕੇ ਨੂੰ ਸਰਕਾਰ ਵਿਚ ਉਚਿਤ ਪ੍ਰਤੀਨਿਧਤਾ ਦਿੱਤੀ ਹੈ, ਉਥੇ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਤੋਂ ਲੋਕਲ ਬਾਡੀਜ਼ ਮੰਤਰੀ ਬਣਨ ਨਾਲ ਜਲੰਧਰ ਨੂੰ ਵਿਸ਼ੇਸ਼ ਫਾਇਦਾ ਪਹੁੰਚੇਗਾ ਅਤੇ ਵਿਕਾਸ ਦੇ ਮਾਮਲਿਆਂ ’ਚ ਤੇਜ਼ੀ ਆਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਜਲੰਧਰ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਅਤੇ ਸਮਾਰਟ ਸਿਟੀ ਦੀ ਘਟੀਆ ਕਾਰਗੁਜ਼ਾਰੀ ਕਾਰਨ ਚਰਚਾ ’ਚ ਚਲਿਆ ਆ ਰਿਹਾ ਹੈ। ਇਸ ਇਲਾਕੇ ਤੋਂ ਨਵਾਂ ਮੰਤਰੀ ਬਣਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਜਿਥੇ ਜਲੰਧਰ ਨਿਗਮ ਦੀ ਕਾਰਗੁਜ਼ਾਰੀ ਵਿਚ ਸੁਧਾਰ ਆਵੇਗਾ, ਉਥੇ ਹੀ ਸਮਾਰਟ ਸਿਟੀ ਦੇ ਬਚੇ-ਖੁਚੇ ਪ੍ਰਾਜੈਕਟ ਵੀ ਸ਼ੁਰੂ ਹੋ ਪਾਉਣਗੇ। ਹੁਣ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਜਿਥੇ ਸਭ ਦੀਆਂ ਨਜ਼ਰਾਂ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ’ਤੇ ਟਿਕ ਗਈਆਂ ਹਨ, ਉਥੇ ਹੀ ਇਹ ਵੀ ਸੰਕੇਤ ਮਿਲ ਰਹੇ ਹਨ ਕਿ ਮੰਤਰੀ ਸਾਹਿਬ ਜਲਦ ਇਸ ਵਿਸ਼ੇ ’ਤੇ ਵਿਸ਼ੇਸ਼ ਮੀਟਿੰਗ ਬੁਲਾ ਸਕਦੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੂਲਨ ਮਿਲਜ਼ ਦੇ ਮੌਜੂਦਾ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਛੇਤੀ ਸੌਂਪੇਗੀ ਬਕਾਇਆ ਰਾਸ਼ੀ : ਅਸ਼ਵਨੀ ਸ਼ਰਮਾ

ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਆਸਵੰਦ ਅਧਿਕਾਰੀ
ਬਰਲਟਨ ਪਾਰਕ ਵਿਚ ਬਣਨ ਜਾ ਰਿਹਾ ਸਪੋਰਟਸ ਹੱਬ ਉਂਝ ਤਾਂ ਸਮਾਰਟ ਸਿਟੀ ਦਾ ਪ੍ਰਾਜੈਕਟ ਹੈ ਪਰ ਇਸ ਨੂੰ ਲੋਕਲ ਏਜੰਸੀ ਦੇ ਰੂਪ ਵਿਚ ਜਲੰਧਰ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਲਿਸ਼ ਦੇਖ ਰਹੇ ਹਨ। ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦਾ ਜੋ ਹਾਲ ਹੋਇਆ ਅਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ, ਉਸ ਤੋਂ ਘਬਰਾ ਕੇ ਸਪੋਰਟਸ ਹੱਬ ਬਣਾਉਣ ਜਾ ਰਹੇ ਠੇਕੇਦਾਰ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਉਸਨੂੰ ਲੰਮੀ ਪ੍ਰਕਿਰਿਆ ਨਾਲ ਜੂਝਣਾ ਪੈ ਰਿਹਾ ਸੀ।

PunjabKesari

ਹੁਣ ਜਿਸ ਤਰ੍ਹਾਂ ਜਲੰਧਰ ਤੋਂ ਨਵਾਂ ਸੰਸਦ ਮੈਂਬਰ ‘ਆਪ’ ਤੋਂ ਚੁਣਿਆ ਜਾ ਚੁੱਕਾ ਹੈ ਅਤੇ ਲੋਕਲ ਬਾਡੀਜ਼ ਮੰਤਰੀ ਵੀ ਜਲੰਧਰ ਤੋਂ ਹਨ, ਉਸ ਨਾਲ ਹੁਣ ਸਮਾਰਟ ਸਿਟੀ ਅਤੇ ਜਲੰਧਰ ਨਿਗਮ ਦੇ ਅਧਿਕਾਰੀ ਵਿਸ਼ੇਸ਼ ਕਰ ਕੇ ਕਮਿਸ਼ਨਰ ਆਸਵੰਦ ਹਨ ਕਿ ਸਪੋਰਟਸ ਹੱਬ ਪ੍ਰਾਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਾਂਟਰੈਕਟ ਲੈਣ ਵਾਲੇ ਠੇਕੇਦਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੇ ਪਹਿਲਾਂ ਕੰਮ ਕਰਨ ਤੋਂ ਨਾਂਹ ਕੀਤੀ ਹੋਈ ਹੈ।

ਇਹ ਵੀ ਪੜ੍ਹੋ : ਇੰਡਸਟਰੀਲਿਸਟ ਨੂੰ ਵਿਦੇਸ਼ ਤੋਂ ਆਈ 5 ਕਰੋੜ ਦੀ ਫਿਰੌਤੀ ਲਈ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ

ਨਿਗਮ ਚੋਣਾਂ ’ਚ ਲਾਭ ਲੈਣ ਦੀ ਇੱਛੁਕ ਹੈ ਆਮ ਆਦਮੀ ਪਾਰਟੀ
2-3 ਮਹੀਨੇ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਜਲੰਧਰ ਨੂੰ ਲੈ ਕੇ ਕੋਈ ਖਾਸ ਮੁੱਦਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਸਦ ਮੈਂਬਰ ਅਤੇ ਲੋਕਲ ਬਾਡੀਜ਼ ਮੰਤਰੀ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਕੰਮ ਸ਼ੁਰੂ ਕਰਵਾ ਦਿੰਦੇ ਹਨ ਤਾਂ ਨਿਗਮ ਚੋਣਾਂ ਲਈ ਇਸਨੂੰ ਇਕ ਵਧੀਆ ਮੁੱਦਾ ਬਣਾਇਆ ਜਾ ਸਕਦਾ ਹੈ ਅਤੇ ਇਸ ਨੂੰ ਵੋਟਾਂ ਦੇ ਰੂਪ ਵਿਚ ਭੁਨਾਇਆ ਜਾ ਸਕਦਾ ਹੈ। ਇਥੇ ਕ੍ਰਿਕਟ ਤੋਂ ਇਲਾਵਾ ਹਾਕੀ, ਫੁੱਟਬਾਲ, ਕਬੱਡੀ, ਟੇਬਲ ਟੈਨਿਸ, ਯੋਗਾ ਅਤੇ ਐਥਲੈਟਿਕਸ ਵਰਗੀਆਂ ਖੇਡਾਂ ਲਈ ਵੀ ਨਾ ਸਿਰਫ ਗਰਾਊਂਡਾਂ ਹੋਣਗੀਆਂ, ਸਗੋਂ ਹਰ ਤਰ੍ਹਾਂ ਦੇ ਖਿਡਾਰੀਆਂ ਨੂੰ ਇਥੇ ਵਿਸ਼ੇਸ਼ ਸਹੂਲਤਾਂ ਮਿਲਣਗੀਆਂ।

ਸਮਾਰਟ ਸਿਟੀ ਮਿਸ਼ਨ ਨੂੰ ਮਿਲ ਚੁੱਕੀ ਹੈ ਐਕਸਟੈਨਸ਼ਨ
ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਨੇ ਸਮਾਰਟ ਸਿਟੀ ਮਿਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ 30 ਜੂਨ ਤਕ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਪ੍ਰਾਜੈਕਟ ਸਿਰੇ ਚੜ੍ਹਾ ਲੈਣ, ਨਹੀਂ ਤਾਂ ਮਿਸ਼ਨ ਦੇ ਤਹਿਤ ਦਿੱਤਾ ਗਿਆ ਸਾਰਾ ਪੈਸਾ ਵਾਪਸ ਲੈ ਲਿਆ ਜਾਵੇਗਾ ਅਤੇ ਜਿਹੜੇ ਪ੍ਰਾਜੈਕਟ ਜਿਥੇ ਹੋਣਗੇ, ਉਨ੍ਹਾਂ ਦਾ ਅਗਲਾ ਕੰਮ ਸੂਬਾ ਸਰਕਾਰਾਂ ਨੂੰ ਆਪਣੇ ਖਰਚੇ ’ਤੇ ਕਰਵਾਉਣਾ ਹੋਵੇਗਾ। ਹੁਣ ਭਾਵੇਂ ਸਮਾਰਟ ਸਿਟੀ ਮਿਸ਼ਨ ਨੂੰ ਐਕਸਟੈਨਸ਼ਨ ਮਿਲ ਚੁੱਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਜੇਕਰ ਸਪੋਰਟਸ ਹੱਬ ਦੇ ਟੈਂਡਰ ਦੁਬਾਰਾ ਲਾਏ ਜਾਂਦੇ ਹਨ ਤਾਂ ਇਸਨੂੰ ਨਿਰਧਾਰਿਤ ਸਮਾਂ ਹੱਦ ਵਿਚ ਪੂਰਾ ਕਰਨਾ ਮੁਸ਼ਕਲ ਹੋ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਚੰਡੀਗੜ੍ਹ ਬੈਠੇ ਅਫਸਰਾਂ ਨਾਲ ਸੈਟਿੰਗ ਕਰ ਕੇ ਖਾਧੇ ਗਏ ਸਮਾਰਟ ਸਿਟੀ ਦੇ ਪੈਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News