ਝੋਨੇ ਦੀ ਖਰੀਦ ''ਚ ਤੇਜ਼ੀ ਲਿਆਉਣ ਲਈ ਕਿਸਾਨ ਯੂਨੀਅਨ (ਲੱਖੋਵਾਲ) ਦੀ ਸਰਕਾਰ ਨੂੰ ਚਿਤਾਵਨੀ
Sunday, Oct 22, 2017 - 03:37 PM (IST)
ਬਾਘਾਪੁਰਾਣਾ (ਚਟਾਨੀ/ਮੁਨੀਸ਼) - ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਾਘਾਪੁਰਾਣਾ ਇਕਾਈ ਦੀ ਇੱਥੇ ਮੁਗਲੂ ਪੱਤੀ ਗੁਰਦੁਆਰਾ ਸਾਹਿਬ ਵਿਖੇ ਸੇਵਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਰਕਾਰ ਦੇ ਝੋਨੇ ਦੀ ਖਰੀਦ ਪ੍ਰਬੰਧਾਂ ਨੂੰ ਅਸਲੋਂ ਹੀ ਮਾੜੇ ਗਰਦਾਨਦਿਆਂ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਾਂ 'ਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਜੈਮਲਵਾਲਾ, ਮੁਖਤਿਆਰ ਸਿੰਘ ਦੀਨਾ, ਸੇਵਕ ਸਿੰਘ ਬਾਘਾਪੁਰਾਣਾ ਅਤੇ ਨੰਬਰਦਾਰ ਹਰਬੰਸ ਸਿੰਘ ਗੱਜਣਵਾਲਾ ਨੇ ਕਿਹਾ ਕਿ 20 ਦਿਨ ਬੀਤਣ ਦੇ ਬਾਵਜੂਦ ਕਈ ਖਰੀਦ ਕੇਂਦਰ ਅਜਿਹੇ ਹਨ, ਜਿੱਥੇ ਖਰੀਦ ਤੱਕ ਵੀ ਸ਼ੁਰੂ ਨਹੀਂ ਹੋਈ, ਜਦਕਿ ਜਿੱਥੇ ਖਰੀਦ ਆਰੰਭ ਹੋ ਚੁੱਕੀ ਹੈ, ਉੱਥੇ ਹੀ ਅਦਾਇਗੀ ਨਹੀਂ ਹੋਈ।
ਕਿਸਾਨ ਆਗੂਆਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਮੰਡੀਆਂ 'ਚ ਆਮਦ ਕਾਰਨ ਕਿਸਾਨ ਢੇਰੀਆਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਜਾਗ ਕੇ ਕੱਟ ਰਹੇ ਹਨ, ਜਦਕਿ ਝੁੱਗੀਆਂ ਵਾਲਿਆਂ ਦੇ ਹਰਲ-ਹਰਲ ਕਰਦੇ ਝੁੰਡ ਵੀ ਝਕਾਨੀ ਦੇ ਕੇ ਝੋਨੇ ਦੀ ਚੋਰੀ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਉਂਦੇ। ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਝੋਨੇ ਦੀ ਖਰੀਦ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਅਦਾਇਗੀ ਦੀ 48 ਘੰਟਿਆਂ ਦੀ ਸ਼ਰਤ ਉਪਰ ਇਨ-ਬਿੰਨ ਅਮਲ ਕੀਤਾ ਜਾਵੇ। ਇਸ ਮੌਕੇ ਸਵਰਨ ਸਿੰਘ, ਨਿਰਵੈਰ ਸਿੰਘ ਭੇਖਾ, ਮਹਿੰਦਰ ਜੈਮਲਵਾਲਾ, ਗੁਰਜੀਤ ਲੰਘੇਆਣਾ, ਬਲਵਿੰਦਰ ਗਿੱਲ ਆਦਿ ਹਾਜ਼ਰ ਸਨ।
