ਕਹਿਰ ਦਾ ਦੂਜਾ ਦਿਨ : ਅੰਡਰਬ੍ਰਿਜਾਂ ''ਚ ਭਰਿਆ ਪਾਣੀ, ਘਰਾਂ ਦੀਆਂ ਛੱਤਾਂ ਡਿੱਗੀਆਂ

Thursday, Jul 18, 2019 - 04:42 PM (IST)

ਕਹਿਰ ਦਾ ਦੂਜਾ ਦਿਨ : ਅੰਡਰਬ੍ਰਿਜਾਂ ''ਚ ਭਰਿਆ ਪਾਣੀ, ਘਰਾਂ ਦੀਆਂ ਛੱਤਾਂ ਡਿੱਗੀਆਂ

ਬਠਿੰਡਾ (ਪਰਮਿੰਦਰ) : ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਬਾਰਿਸ਼ ਦੇ 36 ਘੰਟਿਆਂ ਬਾਅਦ ਵੀ ਹਾਲਾਤ ਗੰਭੀਰ ਬਣੇ ਹੋਏ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਘਰਾਂ 'ਚ ਫ਼ਸੇ ਹੋਏ ਹਨ। ਹੇਠਲੇ ਇਲਾਕਿਆਂ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ ਤੇ ਨਜ਼ਦੀਕੀ ਵੱਡਾ ਖੇਤਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਭੱਟੀ ਰੋਡ, ਪਰਸਰਾਮ ਨਗਰ ਤੇ ਹੋਰਾਂ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਮਹਾਨਗਰ ਦਾ ਪਾਣੀ ਬਾਹਰ ਕੱਢਣ ਵਾਲੇ ਸਲੈਜ਼ ਕਰੀਅਰ ਦੇ ਫਿਰ ਤੋਂ ਟੁੱਟਣ ਦੇ ਡਰ ਕਾਰਣ ਉਸ 'ਚ ਇਕ ਦਮ ਸ਼ਹਿਰ ਦਾ ਸਾਰਾ ਪਾਣੀ ਨਹੀਂ ਛੱਡਿਆ ਜਾ ਸਕਦਾ, ਜਿਸ ਕਰਕੇ ਲੋਕਾਂ ਨੂੰ ਪਾਣੀ ਦੀ ਮਾਰ ਹੇਠ ਕੁੱਝ ਸਮਾਂ ਹੋਰ ਝੱਲਣੀ ਪੈ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 2-3 ਦਿਨਾਂ ਦਰਮਿਆਨ ਬਾਰਿਸ਼ ਹੋਣ ਦੇ ਆਸਾਰ ਹਨ।

ਪਰਸਰਾਮ ਨਗਰ 'ਚ ਭਰਿਆ ਪਾਣੀ ਤੇ ਦੁਕਾਨ ਖੋਲ੍ਹਦੇ ਦੁਕਾਨਦਾਰ।

PunjabKesari
ਮਹਾਨਗਰ ਦੀਆਂ ਕਈ ਮੁੱਖ ਮਾਰਗਾਂ ਤੇ ਰੇਲਵੇ ਅੰਡਰਬ੍ਰਿਜਾਂ ਵਿਚ ਇੰਨਾ ਪਾਣੀ ਭਰ ਗਿਆ ਹੈ ਕਿ ਉਨ੍ਹਾਂ 'ਚੋਂ ਕਿਸੇ ਵੀ ਵਾਹਨ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਅਮਰਪੁਰਾ ਸਥਿਤ ਅੰਡਰਬ੍ਰਿਜ ਵਿਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਹੈ ਕਿ ਉਸ 'ਚੋਂ ਨਿਕਲਦੇ ਸਮੇਂ ਇਕ ਸਕੂਲ ਬੱਸ ਉਸ ਦੇ ਅੰਦਰ ਪੂਰੀ ਤਰ੍ਹਾਂ ਡੁੱਬ ਗਈ। ਬੱਸ ਦੇ ਚਾਲਕ ਤੇ ਸਹਾਇਕ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਬੱਸ 'ਚ ਕੋਈ ਬੱਚਾ ਨਾ ਹੋਣ ਕਰ ਕੇ ਇਕ ਵੱਡਾ ਹਾਦਸਾ ਟਲ ਗਿਆ।

PunjabKesari
ਪੁਲ ਬੰਦ ਹੋਣ ਕਰਕੇ ਲਾਈਨਾਂ 'ਚ ਲੰਘਦੇ ਵਾਹਨ। 

PunjabKesari
ਛੱਤ ਡਿੱਗਣ ਨਾਲ ਘਰ ਦਾ ਸਾਮਾਨ ਖਰਾਬ, ਗਾਂ ਜ਼ਖਮੀ
ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਕਮਜ਼ੋਰ ਮਕਾਨਾਂ ਦੀ ਛੱਤਾਂ ਤੇ ਦੀਵਾਰਾਂ ਵੀ ਲਗਾਤਾਰ ਡਿੱਗ ਰਹੀਆਂ ਹਨ। ਬੀਤੇ ਦਿਨ ਵੱਡੀ ਗਿਣਤੀ 'ਚ ਦੀਵਾਰਾਂ ਤੇ ਛੱਤਾਂ ਡਿੱਗ ਪਈਆਂ ਸਨ, ਜਦਕਿ ਬੁੱਧਵਾਰ ਨੂੰ ਊਧਮ ਸਿੰਘ ਨਗਰ 'ਚ ਇਕ ਛੱਤ ਡਿੱਗਣ ਕਰ ਕੇ ਭਾਰੀ ਨੁਕਸਾਨ ਹੋ ਗਿਆ। ਊਧਮ ਸਿੰਘ ਨਗਰ ਵਾਸੀ ਬਲਵੀਰ ਸਿੰਘ ਦੇ ਮਕਾਨ ਦੀ ਛੱਤ ਅਚਾਨਕ ਬਾਰਿਸ਼ ਕਾਰਣ ਡਿੱਗ ਪਈ। ਉਕਤ ਸਮੇਂ ਕਮਰੇ 'ਚ ਕੋਈ ਵੀ ਨਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬਲਵੀਰ ਸਿੰਘ ਨੇ ਦੱਸਿਆ ਕਿ ਛੱਤ ਦੇ ਥੱਲੇ ਖੜ੍ਹੀ ਉਨ੍ਹਾਂ ਦੀ ਇਕ ਗਾਂ ਜ਼ਖਮੀ ਹੋ ਗਈ। ਇਸ ਤੋਂ ਇਲਾਵਾ ਥੱਲੇ ਖੜ੍ਹਿਆ ਮੋਟਰਸਾਈਕਲ ਤੇ ਹੋਰ ਸਾਮਾਨ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
PunjabKesari
ਲੋਕਾਂ ਦੀ ਹਾਲਤ ਜਾਣਨ ਪੁੱਜੇ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ
ਲਾਈਨੋਂ ਪਾਰ ਦੇ ਖੇਤਰ ਦੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਕੌਂਸਲਰ ਵਿਜੇ ਕੁਮਾਰ ਜੇ. ਸੀ. ਬੀ. ਲੈ ਕੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਦੀ ਹਾਲਤ ਜਾਣਨ ਲਈ ਨਿਕਲੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕੁੱਝ ਲੋੜ ਦਾ ਸਾਮਾਨ ਵੀ ਵੰਡਿਆ।

PunjabKesari

ਕਿਸ਼ਤੀ ਲੈ ਕੇ ਸਮਰਥਕਾਂ ਨਾਲ ਲੋਕਾਂ ਦੀ ਮਦਦ ਨੂੰ ਨਿਕਲਦੇ ਹੋਏ ਵਿਜੇ ਕੁਮਾਰ। 

PunjabKesari
 


author

Anuradha

Content Editor

Related News