ਮਾਮਲਾ ਸਵਾਂ ਨਦੀ ''ਚ ਮੱਛੀਆਂ ਦੇ ਮਰਨ ਦਾ : ਰੰਗੜ ਸ਼ਰਾਬ ਫੈਕਟਰੀ ''ਤੇ ਮਾਮਲਾ ਦਰਜ
Tuesday, Aug 07, 2018 - 04:47 AM (IST)

ਨੰਗਲ(ਗੁਰਭਾਗ)- ਬੀਤੇ ਦਿਨ ਨੰਗਲ ਵਿਖੇ ਸਵਾਂ ਨਦੀ ਵਿਚ ਹਜ਼ਾਰਾਂ ਮੱਛੀਆਂ ਮਰਨ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਰਵਾਈ ਕਰਦਿਆਂ ਮਹਿਤਪੁਰ ਦੀ ਇਕ ਸ਼ਰਾਬ ਦੀ ਫੈਕਟਰੀ 'ਤੇ ਮਾਮਲਾ ਦਰਜ ਕਰ ਲਿਆ ਹੈ। ਸਵਾਂ ਨਦੀ 'ਚ ਮਰੀਆਂ ਮੱਛੀਆਂ ਲਈ ਪੰਜਾਬ ਰਾਜ ਦੇ ਉਦਯੋਗਿਕ ਇਕਾਈਆਂ ਨਹੀਂ, ਬਲਕਿ ਨਾਲ ਲੱਗਦੇ ਹਿਮਾਚਲ ਪ੍ਰੇਦਸ਼ ਵਿਚਲੀਆਂ ਉਦਯੋਗਿਕ ਇਕਾਈਆਂ ਜ਼ਿੰਮੇਵਾਰ ਸਨ। ਇਹ ਖੁਲਾਸਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਨੇ ਅੱਜ ਵਿਸ਼ੇਸ਼ ਤੌਰ 'ਤੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਧਰ ਮਹਿਤਪੁਰ ਲਾਗੇ ਬਣੀ ਰੰਗੜ ਬਰੀਵਰਜ਼ ਲਿਮਟਿਡ (ਸ਼ਰਾਬ ਫੈਕਟਰੀ) ਦੇ ਜਨਰਲ ਮੈਨੇਜਰ ਨੀਰਜ ਤਿਆਗੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ 'ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਾਡੀ ਇਕਾਈ ਵੱਲੋਂ ਪ੍ਰਦੂਸ਼ਿਤ ਪਾਣੀ ਫੈਕਟਰੀ ਤੋਂ ਬਾਹਰ ਕਿਤੇ ਨਹੀਂ ਸੁੱਟਿਆ ਜਾਂਦਾ, ਪਾਣੀ ਨੂੰ ਸਾਫ ਕਰ ਕੇ ਮੁੜ ਉਸਦੀ ਵਰਤੋਂ ਇਕਾਈ ਵਿਚ ਹੀ ਕਰ ਲਈ ਜਾਂਦੀ ਹੈ।