ਦੋਰਾਹਾ ਦੇ ਹਰ ਗਲੀ-ਮੋੜ ''ਤੇ ਵਿਕਦੀ ਐ ਦਾਰੂ, ਲੱਗਦੈ ਕਿਸੇ ਨੂੰ ਮਾਰੂ!
Sunday, Mar 04, 2018 - 05:43 AM (IST)
ਦੋਰਾਹਾ (ਗੁਰਮੀਤ ਕੌਰ)-ਅੱਜਕੱਲ ਦੇ ਸਮੇਂ 'ਚ ਜਿਵੇਂ ਬੀੜੀਆਂ ਦਾ ਬੰਡਲ, ਸਿਗਰਟਾਂ ਹਰ ਗਲੀ-ਮੋੜ ਦੇ ਖੋਖੇ ਜਾਂ ਦੁਕਾਨਾਂ 'ਤੇ ਆਮ ਵਿਕਦੀਆਂ ਹਨ, ਠੀਕ ਉਸੇ ਤਰ੍ਹਾਂ ਸ਼ਰਾਬ ਵੀ ਹਰ ਗਲੀ-ਮੋੜ 'ਤੇ ਵਿਕਣ ਲੱਗੀ ਹੈ, ਜਿਸ ਕਾਰਨ ਸਾਡਾ ਸੂਬਾ 'ਨਸ਼ਾ ਮੁਕਤ' ਹੋਣ ਦੀ ਬਜਾਏ 'ਨਸ਼ਾ ਯੁਕਤ' ਬਣਦਾ ਦਿਖਾਈ ਦੇ ਰਿਹਾ ਹੈ। ਦੋਰਾਹਾ ਦੀ ਲੱਕੜ ਮੰਡੀ 'ਚ ਕਬਾੜੀਆਂ ਦੀਆਂ ਦੁਕਾਨਾਂ ਨੇੜੇ ਸ਼ਰਾਬ ਦੀ ਖੁੱਲ੍ਹੀ ਇਕ ਦੁਕਾਨ ਇਹ ਦਰਸਾਉਂਦੀ ਨਜ਼ਰ ਆਉਂਦੀ ਹੈ ਕਿ ਬੀੜੀਆਂ, ਸਿਗਰਟਾਂ ਵਾਂਗ ਸ਼ਰਾਬ ਵੀ ਗਲੀ-ਮੁਹੱਲਿਆਂ 'ਚ ਆਸਾਨੀ ਨਾਲ ਮਿਲ ਜਾਂਦੀ ਹੈ, ਜਿਸਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰਾਂ ਨਸ਼ਿਆਂ ਨੂੰ ਬੰਦ ਕਰਨ ਲਈ ਸੰਜੀਦਾ ਹਨ ਜਾਂ ਫਿਰ ਨਸ਼ਿਆਂ ਨੂੰ ਵਧਾਉਣ ਲਈ। ਘਰਾਂ ਦੇ ਨਜ਼ਦੀਕ ਰਿਹਾਇਸ਼ੀ ਏਰੀਏ 'ਚ ਸ਼ਰੇਆਮ ਸ਼ਰਾਬ ਦਾ ਵਿਕਣਾ ਲੀਡਰਾਂ ਦੇ ਫੋਕੇ ਦਾਅਵਿਆਂ ਦੀ ਸੱਚੀ ਗਵਾਹੀ ਭਰਦਾ ਹੈ ਕਿ ਕਿਵੇਂ ਲੀਡਰ ਵੋਟਾਂ ਵੇਲੇ ਹੋਰ ਅਤੇ ਸੱਤਾ ਵੇਲੇ ਹੋਰ ਰੰਗ ਬਦਲਾਅ ਲੈਂਦੇ ਹਨ। ਅਜੋਕੇ ਸਮੇਂ ਜਗ੍ਹਾ-ਜਗ੍ਹਾ 'ਤੇ ਆਬਾਦੀ ਵਾਲੇ ਇਲਾਕਿਆਂ 'ਚ ਸ਼ਰਾਬ ਦਾ ਵਿਕਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਅਤੇ ਜੇਕਰ ਹਾਲਾਤ ਇਹੋ-ਜਿਹੇ ਰਹੇ ਤਾਂ ਭਵਿੱਖ 'ਚ ਇਸਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਪਹਿਲਾਂ ਸ਼ਰਾਬ ਦੇ ਠੇਕੇ ਸ਼ਹਿਰ ਤੋਂ ਬਾਹਰ ਹੀ ਹੁੰਦੇ ਸਨ, ਪਰ ਹੁਣ ਮੁਹੱਲਿਆਂ 'ਚ ਤੇ ਘਰਾਂ ਦੇ ਕੋਲੋਂ ਹੀ ਸ਼ਰਾਬ ਵਿਕਣ ਲੱਗੀ ਹੈ, ਜਿਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ 'ਹਰ ਗਲੀ-ਮੋੜ 'ਤੇ ਵਿਕਦੀ ਐ ਦਾਰੂ, ਲੱਗਦਾ ਕਿਸੇ ਨੂੰ ਮਾਰੂ'। ਇੱਥੇ ਗੌਰਤਲਬ ਹੈ ਕਿ ਸ਼ਰਾਬ ਦੀ ਬੋਤਲ 'ਤੇ ਇਹ ਸ਼ਬਦ ਲਿਖਿਆ ਹੁੰਦਾ ਹੈ ਕਿ 'ਸ਼ਰਾਬ ਸਿਹਤ ਲਈ ਹਾਨੀਕਾਰਕ ਹੈ' ਪਰ ਸ਼ਰਾਬ ਨੂੰ ਇਕ ਨਸ਼ਾ ਨਾ ਮੰਨ ਕੇ ਪੈਸੇ ਇਕੱਠੇ ਕਰਨ ਵਾਲੀਆਂ ਸਰਕਾਰਾਂ ਖੁਦ ਨਸ਼ਿਆਂ ਦਾ ਕਾਰੋਬਾਰ ਵਧਾ ਰਹੀਆਂ ਹਨ। ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਲੀਡਰ ਦੇਸ਼ ਦੀ ਨੌਜਵਾਨ ਪੀੜ੍ਹੀ ਪ੍ਰਤੀ ਸੁਹਿਰਦ ਹੋਣ ਦੀ ਬਜਾਏ, ਨੌਜਵਾਨ ਪੀੜ੍ਹੀ ਲਈ ਚੰਗਾ ਰੋਜ਼ਗਾਰ ਅਤੇ ਉੱਚ ਸਿੱਖਿਆ ਦੇ ਮੌਕੇ ਪੈਦਾ ਕਰਨ ਦੀ ਬਜਾਏ ਨਸ਼ਿਆਂ ਦੇ ਕਾਰੋਬਾਰ ਵਧਾਉਣ ਲਈ ਚਿੰਤਤ ਹੈ, ਫਿਰ ਚਾਹੇ ਬੀੜੀਆਂ, ਸਿਗਰਟਾਂ ਹੋਣ ਜਾਂ ਫਿਰ ਸ਼ਰਾਬ। ਆਮ ਲੋਕਾਂ ਨੇ ਕਿਹਾ ਕਿ ਗਲੀ-ਮੁਹੱਲਿਆਂ 'ਚ ਸ਼ਰਾਬ ਦੀਆਂ ਖੁੱਲ੍ਹ ਰਹੀਆਂ ਦੁਕਾਨਾਂ ਕਾਰਨ ਧੀਆਂ-ਭੈਣਾਂ ਦੀ ਸੁਰੱਖਿਆ ਵੀ ਦਾਅ 'ਤੇ ਲੱਗ ਗਈ ਹੈ, ਕਿਉਂਕਿ ਸ਼ਰਾਬ ਪੀਣ ਦੇ ਆਦੀ ਸ਼ਰਾਬ ਪੀਣ ਤੋਂ ਬਾਅਦ ਆਪਣਾ ਆਪਾ ਭੁੱਲਦੇ ਹੋਏ ਮਾੜੀਆਂ ਕਰਤੂਤਾਂ ਕਰਦੇ ਨਜ਼ਰ ਆਉਂਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਆਦਾਤਰ ਸੜਕੀ ਹਾਦਸਿਆਂ ਦੇ ਵਾਪਰਨ ਦਾ ਮੁੱਖ ਕਾਰਨ ਵੀ ਸ਼ਰਾਬ ਹੀ ਹੈ, ਕਿਉਂਕਿ ਵਾਹਨ ਚਾਲਕ ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਬਾਅਦ ਆਪਣੀ ਜਾਂ ਦੂਸਰੇ ਦੀ ਜਾਨ ਨੂੰ ਜ਼ੋਖਮ 'ਚ ਪਾ ਦਿੰਦੇ ਹਨ ਅਤੇ ਰੋਜ਼ਾਨਾ ਮਨੁੱਖੀ ਜ਼ਿੰਦਗੀਆਂ ਸੜਕਾਂ 'ਤੇ ਸ਼ਰਾਬ ਕਾਰਨ ਅਜਾਈਂ ਜਾ ਰਹੀਆਂ ਹਨ।
ਸੂਝਵਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰਾਂ ਸ਼ਰਾਬਾਂ ਦੇ ਕਾਰੋਬਾਰਾਂ ਤਂੋ ਮਾਲੀਆ ਇਕੱਠਾ ਕਰਨ ਨੂੰ ਪਹਿਲ ਦੇ ਰਹੀਆਂ ਹਨ ਅਤੇ ਦੂਜੇ ਪਾਸੇ ਲੋਕਾਂ 'ਤੇ ਟੈਕਸਾਂ ਦਾ ਵਾਧੂ ਬੋਝ ਪਾ ਕੇ ਰੁਪਈਏ ਇਕੱਠੇ ਕਰਨ 'ਤੇ ਤੁਲੀਆਂ ਹੋਈਆਂ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਨੂੰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ਰਾਬ ਦੇ ਕਾਰੋਬਾਰ 'ਤੇ ਵੀ ਰੋਕ ਲਾਉਣੀ ਓਨੀ ਹੀ ਜ਼ਰੂਰੀ ਹੈ, ਜਿੰਨੀ ਕਿ ਹੈਰੋਇਨ, ਭੁੱਕੀ ਅਤੇ ਸਮੈਕ ਜਾਂ ਫਿਰ ਹੋਰ ਨਸ਼ਿਆਂ 'ਤੇ ਲਾਈ ਜਾਂਦੀ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਦੇਸ਼ ਦੀ ਨੌਜਵਾਨ ਪੀੜ੍ਹੀ ਸ਼ਰਾਬ ਦੇ ਦਰਿਆ 'ਚ ਵਹਿ ਜਾਵੇਗੀ।
