ਸ਼ਰਾਬ ਮਾਮਲੇ ''ਤੇ ਚੁਫੇਰਿਓਂ ਘਿਰੀ ਸਰਕਾਰ, ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ
Saturday, May 23, 2020 - 06:50 PM (IST)
ਚੰਡੀਗੜ੍ਹ : ਸ਼ਰਾਬ ਮਾਮਲੇ 'ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵੀ ਸਰਗਰਮ ਹੋ ਗਿਆ ਹੈ। ਸ਼ੁੱਕਰਵਾਰ ਨੂੰ ਵੱਖ-ਵੱਖ ਡਿਸਟਿਲਰੀਜ਼ (ਸ਼ਰਾਬ ਬਣਾਉਣ ਵਾਲੇ ਸਥਾਨਾਂ) 'ਤੇ ਵੱਡੇ ਪੱਧਰ 'ਤੇ ਛਾਪੇ ਮਾਰੇ ਗਏ। ਇਥੇ ਹੀ ਬਸ ਨਹੀਂ ਵਿਵਾਦ ਤੋਂ ਬਾਅਦ ਮਹਿਕਮੇ ਨੇ 22 ਐਕਸਾਈਜ਼ ਤੇ ਟੈਕਸੇਸ਼ਨ ਅਫਸਰਾਂ ਤੇ 73 ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰਾਂ ਦਾ ਤਬਾਦਲਾ ਵੀ ਕਰ ਦਿੱਤਾ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਸਰਕਾਰ 'ਤੇ ਪਟਿਆਲਾ 'ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੇ ਜਾਣ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬੇਟੇ ਦੀ ਡਿਸਟਿਲਰੀ 'ਚ ਹਿੱਸੇਦਾਰੀ ਹੋਣ ਤੇ ਕਰਫਿਊ ਦੌਰਾਨ ਧੜੱਲੇ ਨਾਲ ਨਜਾਇਜ਼ ਸ਼ਰਾਬ ਦੀ ਵਿਕਰੀ ਦੀ ਜਾਂਚ ਦਾ ਦਬਾਅ ਸੀ। ਇਸ ਜਾਂਚ 'ਚ ਸਾਬਕਾ ਕੈਬਨਿਟ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਡਿਸਟਿਲਰੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਮੁੜ ਕੋਰੋਨਾ ਦਾ ਕਹਿਰ, ਚਾਰ ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਇਸੇ ਦਾ ਨਤੀਜਾ ਹੈ ਕਿ ਵਿਭਾਗ ਨੇ ਡਿਸਟਿਲਰੀ 'ਚ ਤਾਇਨਾਤ ਇੰਸਪੈਕਟਰ ਤੇ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਹਨ। ਇਕ ਪਾਸੇ ਜਿੱਥੇ ਕਰਫਿਊ ਦੌਰਾਨ ਹੋਈ ਸ਼ਰਾਬ ਦੀ ਨਜਾਇਜ਼ ਵਿਕਰੀ ਦਾ ਮਾਮਲਾ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ, ਉਥੇ ਹੀ ਅਕਾਲੀ ਦਲ ਵੀ ਇਸ ਮਾਮਲੇ 'ਤੇ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਿਹਾ ਹੈ। ਕਾਂਗਰਸ 'ਤੇ ਵੀ ਇਸ ਨੂੰ ਲੈ ਕੇ ਲਗਾਤਾਰ ਦਬਾਅ ਸੀ। ਇਸ ਨੂੰ ਦੇਖਦੇ ਹੋਏ ਆਬਕਾਰੀ ਤੇ ਟੈਕਸੇਸ਼ਨ ਵਿਭਾਗ ਦੀਆਂ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਵਿਚ ਸਥਿਤ ਡਿਸਟਿਲਰੀਜ਼ ਦੀ ਜਾਂਚ ਕੀਤੀ। ਸ਼ੁੱਕਰਵਾਰ ਨੂੰ ਅੱਠ ਡਿਸਟਿਲਰੀਜ਼ ਦੀ ਜਾਂਚ ਹੋਈ, ਜਦਕਿ ਬਾਕੀ ਸੱਤ 'ਚੋਂ ਕੁਝ ਦੀ ਇਕ ਦਿਨ ਪਹਿਲਾਂ ਹੋਈ ਸੀ। ਵਿਭਾਗ ਇਸ ਨੂੰ ਇਕ ਰੂਟੀਨ ਜਾਂਚ ਦੱਸ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਦਾ ਨਜਾਇਜ਼ ਸ਼ਰਾਬ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੱਡਾ ਹਮਲਾ