ਨਾਜਾਇਜ਼ ਸ਼ਰਾਬ, ਨਸ਼ੀਲੇ ਪਾਊਡਰ ਤੇ ਗੋਲੀਆਂ ਸਣੇ 3 ਕਾਬੂ, 2 ਫਰਾਰ
Monday, Aug 14, 2017 - 12:20 AM (IST)
ਮੋਗਾ, (ਆਜ਼ਾਦ)- ਸਥਾਨਕ ਪੁਲਸ ਨੇ ਨਾਜਾਇਜ਼ ਸ਼ਰਾਬ, ਨਸ਼ੀਲੇ ਪਾਊਡਰ ਤੇ ਗੋਲੀਆਂ ਸਣੇ 3 ਸਮੱਗਲਰਾਂ ਨੂੰ ਕਾਬੂ ਕੀਤਾ ਹੈ, ਜਦਕਿ 2 ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਪੰਜਾਂ ਸਮੱਗਲਰਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕਰ ਲਏ ਹਨ।
ਪਹਿਲਾ ਮਾਮਲਾ
ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਗਲੋਟੀ ਰੋਡ ਖੋਸਾ ਰਣਧੀਰ ਕੋਲ ਜਾ ਰਹੇ ਸੀ ਕਿ ਇਸ ਦੌਰਾਨ ਉਨ੍ਹਾਂ ਇਕ ਬਿਨਾਂ ਨੰਬਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਕਾਰ ਸਵਾਰ ਗੁਰਵਿੰਦਰ ਸਿੰਘ ਅਤੇ ਇਕਬਾਲ ਸਿੰਘ ਨਿਵਾਸੀ ਪਿੰਡ ਖੋਸਾ ਰਣਧੀਰ ਕਾਰ ਛੱਡ ਕੇ ਭੱਜ ਗਏ ਤੇ ਜਦੋਂ ਉਨ੍ਹਾਂ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।
ਦੂਸਰਾ ਮਾਮਲਾ
ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਜੈ ਸਿੰਘ ਵਾਲਾ ਨਜ਼ਦੀਕ ਸ਼ੱਕ ਦੇ ਆਧਾਰ 'ਤੇ ਜਸਵਿੰਦਰ ਸਿੰਘ ਨਿਵਾਸੀ ਪਿੰਡ ਲੰਗੇਆਣਾ ਨਵਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਅਤੇ 100 ਰੁਪਏ ਬਰਾਮਦ ਕੀਤੇ।
ਤੀਸਰਾ ਮਾਮਲਾ
ਥਾਣਾ ਚੜਿੱਕ ਦੇ ਇੰਚਾਰਜ ਇੰਸਪੈਕਟਰ ਜਸਕਾਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਚੜਿੱਕ ਨਜ਼ਦੀਕ ਜਾ ਰਹੇ ਸੀ ਤਾਂ ਉਨ੍ਹਾਂ ਸ਼ੱਕ ਦੇ ਆਧਾਰ 'ਤੇ ਸੰਦੀਪ ਸਿੰਘ ਉਰਫ ਗੋਲਡੀ ਨਿਵਾਸੀ ਪਿੰਡ ਜੰਗੀਆਣਾ (ਬਰਨਾਲਾ) ਹਾਲ ਆਬਾਦ ਗੋਬਿੰਦਗੜ੍ਹ ਬਸਤੀ ਮੋਗਾ ਨੂੰ ਰੋਕਿਆ ਅਤੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 100 ਰੁਪਏ ਬਰਾਮਦ ਕੀਤੇ, ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ।
ਚੌਥਾ ਮਾਮਲਾ
ਥਾਣਾ ਕੋਟ ਈਸੇ ਖਾਂ ਦੇ ਹੌਲਦਾਰ ਰਾਜ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪੁਲ ਨਹਿਰ ਦਾਤੇਵਾਲਾ ਦੇ ਕੋਲ ਰਾਜੂ ਪਿੰਡ ਦਾਤੇਵਾਲ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ।
