ਇਕ ਪਾਸੇ ਨਸ਼ਾ-ਮੁਕਤੀ ਦੀ ਸਹੁੰ, ਦੂਜੇ ਪਾਸੇ ਸ਼ਰਾਬ ਨੂੰ ਹੱਲਾਸ਼ੇਰੀ
Saturday, Mar 24, 2018 - 07:05 AM (IST)

ਅੰਮ੍ਰਿਤਸਰ(ਨੀਰਜ, ਸੰਜੀਵ)- ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਕੀ ਨਗਰੀ 'ਚ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਜ਼ਿਲਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ 45 ਹਜ਼ਾਰ ਤੋਂ ਵੱਧ ਡੇਪੋ ਵਾਲੰਟੀਅਰਾਂ ਵੱਲੋਂ ਨਸ਼ਾ-ਮੁਕਤੀ ਦੀ ਸਹੁੰ ਖਾਧੀ ਗਈ। ਗੁਰੂ ਨਾਨਕ ਸਟੇਡੀਅਮ ਤੋਂ ਇਲਾਵਾ ਅਨਾਜ ਮੰਡੀ ਮਜੀਠਾ, ਫੇਰੂਮਾਨ ਕਾਲਜ ਰਈਆ ਤੇ ਆਈ. ਟੀ. ਆਈ. ਅਜਨਾਲਾ 'ਚ ਵੀ ਸਮਾਗਮ ਕਰਵਾਇਆ ਗਿਆ। ਉਧਰ ਇਕ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲੇ 'ਚ ਨਸ਼ਾ-ਮੁਕਤ ਸਮਾਜ ਬਣਾਉਣ ਦੀ ਸਹੁੰ ਖਾਧੀ ਗਈ ਤਾਂ ਦੂਜੇ ਪਾਸੇ ਸੇਲਸ ਟੈਕਸ ਐਂਡ ਐਕਸਾਈਜ਼ ਵਿਭਾਗ ਦੇ ਦਫਤਰਾਂ ਵਿਚ ਕਰੋੜਾਂ ਰੁਪਇਆਂ ਦੇ ਡਰਾਫਟ ਸ਼ਰਾਬ ਦੇ ਠੇਕੇ ਲੈਣ ਲਈ ਅਧਿਕਾਰੀਆਂ ਵੱਲੋਂ ਲਏ ਗਏ, ਜਿਨ੍ਹਾਂ ਦਾ ਡਰਾਅ ਆਉਣ ਵਾਲੇ ਦਿਨਾਂ ਵਿਚ ਕੱਢਿਆ ਜਾਣਾ ਹੈ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਸ਼ਰਾਬ ਨਸ਼ੇ ਵਿਚ ਸ਼ਾਮਲ ਨਹੀਂ ਹੈ, ਕੀ ਪੰਜਾਬ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੀ? ਇਸ ਸਵਾਲ ਦਾ ਉੱਤਰ ਕਿਸੇ ਵੀ ਅਧਿਕਾਰੀ ਨੇ ਸਪੱਸ਼ਟ ਰੂਪ 'ਚ ਨਹੀਂ ਦਿੱਤਾ। ਹੈਰੋਇਨ, ਚਟੋਕਾ, ਕੋਕੀਨ, ਚਰਸ, ਗਾਂਜਾ, ਭੰਗ ਆਦਿ ਸੁੱਕੇ ਨਸ਼ਿਆਂ ਨੂੰ ਜ਼ਰੂਰ ਆੜੇ ਹੱਥੀਂ ਲਿਆ ਗਿਆ। ਕੁਝ ਅਧਿਕਾਰੀਆਂ ਨੇ ਗੁਜਰਾਤ ਵਰਗੇ ਨਾਨ-ਐਲਕੋਹਲਿਕ ਰਾਜਾਂ ਦਾ ਵੀ ਹਵਾਲਾ ਦਿੱਤਾ, ਜਿਸ ਵਿਚ ਸ਼ਰਾਬਬੰਦੀ ਕਾਰਨ ਬਲੈਕ ਵਿਚ ਮਹਿੰਗੇ ਰੇਟਾਂ 'ਤੇ ਸ਼ਰਾਬ ਵਿਕਦੀ ਹੈ, ਹਰਿਆਣਾ ਵਿਚ ਵੀ ਸ਼ਰਾਬਬੰਦੀ ਦੌਰਾਨ ਕੁਝ ਅਜਿਹੇ ਹੀ ਹਾਲਾਤ ਨਜ਼ਰ ਆਏ। ਨੌਜਵਾਨ ਸਸ਼ਕਤੀਕਰਨ ਦਿਨ 'ਤੇ ਅੰਮ੍ਰਿਤਸਰ ਜ਼ਿਲੇ ਵਿਚ ਪਹਿਲੀ ਵਾਰ ਇੰਨਾ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਕਮਲਦੀਪ ਸਿੰਘ ਸੰਘਾ, ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ, ਐੱਸ. ਐੱਸ. ਪੀ. ਪਰਮਪਾਲ ਸਿੰਘ ਤੇ ਜ਼ਿਲੇ ਦੇ ਸਾਰੇ ਵਿਧਾਇਕ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ ਅਤੇ ਸਾਰਿਆਂ ਨੇ ਨਸ਼ਾ-ਮੁਕਤੀ ਦੀ ਸਹੁੰ ਖਾਧੀ। ਆਪਣੇ ਸੰਬੋਧਨ ਵਿਚ ਡੀ. ਸੀ. ਸੰਘਾ ਨੇ ਕਿਹਾ ਕਿ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਕਰਨ ਲਈ ਅੱਜ ਸਵੈ-ਇੱਛਾ ਨਾਲ ਡੇਪੋ ਵਾਲੰਟੀਅਰਾਂ ਨੇ ਸਹੁੰ ਖਾਧੀ ਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਇਤਿਹਾਸਕ ਪਹਿਲ ਆਪਣੇ ਟੀਚੇ ਨੂੰ ਪੂਰਾ ਕਰੇਗੀ ਅਤੇ ਅੰਮ੍ਰਿਤਸਰ ਜ਼ਿਲਾ ਪੂਰੀ ਤਰ੍ਹਾਂ ਨਸ਼ਾ-ਮੁਕਤ ਹੋਵੇਗਾ। ਜ਼ਿਲੇ ਵਿਚ ਵੱਡੇ ਪੱਧਰ 'ਤੇ ਨੌਜਵਾਨ ਇਸ ਮੁਹਿੰਮ ਨਾਲ ਜੁੜ ਰਹੇ ਹਨ। ਡੇਪੋ ਵਾਲੰਟੀਅਰਾਂ ਨੂੰ ਪੁਲਸ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਸਾਡੇ ਗੁਆਂਢੀ ਦੇ ਘਰ ਅੱਗ ਲੱਗੀ ਹੋਵੇ ਤਾਂ ਉਸ ਤੋਂ ਬਚਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਜੇਕਰ ਸਾਡੇ ਗਲੀ-ਮੁਹੱਲਿਆਂ ਜਾਂ ਆਂਢ-ਗੁਆਂਢ ਵਿਚ ਕੋਈ ਨਸ਼ੇ ਦੀ ਵਿਕਰੀ ਕਰ ਰਿਹਾ ਹੈ ਜਾਂ ਫਿਰ ਨਸ਼ੇ ਦਾ ਸ਼ਿਕਾਰ ਹੈ ਤਾਂ ਸਾਡੇ ਆਪਣੇ ਬੱਚੇ ਵੀ ਜ਼ਿਆਦਾ ਸਮੇਂ ਤੱਕ ਉਸ ਦੇ ਪ੍ਰਭਾਵ 'ਚ ਆਉਣੋਂ ਬਚ ਨਹੀਂ ਸਕਣਗੇ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੇ ਆਂਢ-ਗੁਆਂਢ, ਗਲੀ-ਮੁਹੱਲੇ ਅਤੇ ਸ਼ਹਿਰ ਨੂੰ ਨਸ਼ਾ-ਮੁਕਤ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਨਸ਼ੇ ਦੀ ਪ੍ਰਭਾਵ ਤੋਂ ਬਚ ਸਕੇ।
ਜ਼ਿਲਾ ਪੁਲਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ 'ਡਰੱਗ ਐਬਿਊਜ਼ ਪ੍ਰੀਵੈਂਸ਼ਨ ਅਫ਼ਸਰ' ਦੇ ਰੂਪ ਵਿਚ ਨਿਰਸਵਾਰਥ ਸੇਵਾ ਕਰਨ ਲਈ ਜ਼ਿਲੇ ਦੇ ਨੌਜਵਾਨਾਂ ਅਤੇ ਨਾਗਰਿਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਮ ਜਨਤਾ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਲਈ ਅੱਗੇ ਆ ਰਹੀ ਹੈ। ਮਾਣ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਜ਼ਿਲਾ ਡੇਪੋ ਵਾਲੰਟੀਅਰ ਮੁਹਿੰਮ ਚਲਾਉਣ ਵਿਚ ਸਭ ਤੋਂ ਅੱਗੇ ਹੈ ਅਤੇ ਪੰਜਾਬ ਵਿਚ ਨੰਬਰ ਵਨ 'ਤੇ ਚੱਲ ਰਿਹਾ ਹੈ। ਵਿਧਾਇਕ ਓ. ਪੀ. ਸੋਨੀ ਤੇ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਅਨੋਖੀ ਪਹਿਲ ਦਾ ਸਵਾਗਤ ਕੀਤਾ ਅਤੇ ਐਲਾਨ ਕੀਤਾ ਕਿ ਸਾਰੇ ਨੇਤਾ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਪੂਰੀ ਮਦਦ ਕਰਨਗੇ।
ਇਸ ਮੌਕੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ, ਡੀ. ਆਈ. ਜੀ. ਏ. ਕੇ. ਮਿੱਤਲ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਤਰਸੇਮ ਸਿੰਘ ਡੀ. ਸੀ., ਜ਼ਿਲਾ ਕਾਂਗਰਸ ਪ੍ਰਧਾਨ ਸ਼ਹਿਰੀ ਜੁਗਲ ਕਿਸ਼ੋਰ ਸ਼ਰਮਾ ਤੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਸਮੇਤ ਜ਼ਿਲੇ ਦੇ ਸਮੂਹ ਪ੍ਰਬੰਧਕੀ ਅਤੇ ਪੁਲਸ ਅਧਿਕਾਰੀ ਮੌਜੂਦ ਸਨ।
ਰੈਲੀਆਂ ਵਾਂਗ ਲੋਕਾਂ ਨੂੰ ਇਕੱਠੇ ਕਰਦੇ ਨਜ਼ਰ ਆਏ ਕੁਝ ਅਧਿਕਾਰੀ
ਡੇਪੋ ਵਾਲੰਟੀਅਰ ਦੇ ਤੌਰ 'ਤੇ ਕੰਮ ਕਰਨ ਲਈ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸਵੈ-ਇੱਛਾ ਨਾਲ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਪਰ ਅੱਜ ਦੇ ਜ਼ਿਲਾ ਪੱਧਰੀ ਸਮਾਗਮ ਵਿਚ ਕੁਝ ਅਧਿਕਾਰੀ ਰੈਲੀਆਂ ਦੀ ਤਰ੍ਹਾਂ ਲੋਕਾਂ ਨੂੰ ਇਕੱਠਾ ਕਰਦੇ ਨਜ਼ਰ ਆਏ ਤਾਂਕਿ ਉਹ ਆਪਣੇ ਉੱਚ ਅਧਿਕਾਰੀਆਂ ਸਾਹਮਣੇ ਨੰਬਰ ਬਣਾ ਸਕਣ।
ਨਸ਼ੇ ਦੀ ਵਿਕਰੀ ਰੋਕਣ ਲਈ ਸਾਰੇ ਪੁਲਸ ਅਫਸਰ ਫ੍ਰੀ ਹੈਂਡ
ਨਸ਼ੇ ਦੀ ਵਿਕਰੀ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨ ਸਸ਼ਕਤੀਕਰਨ ਦਿਵਸ 'ਤੇ ਨੌਜਵਾਨਾਂ ਅਤੇ ਡੇਪੋ ਵਾਲੰਟੀਅਰਾਂ ਨੂੰ ਸਹੁੰ ਚੁਕਾਈ ਗਈ ਹੈ, ਇਸ ਲਈ ਸਾਰੇ ਪੁਲਸ ਅਧਿਕਾਰੀ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਫ੍ਰੀ ਹੈਂਡ ਹਨ।