ਏਡਿਡ ਸਕੂਲ ਦੇ ਕੂੜੇਦਾਨ ’ਚੋਂ ਮਿਲੀਆਂ ਅਲਬੈਂਡਾਜ਼ੋਲ ਟੈਬਲੇਟਸ

Sunday, Feb 26, 2023 - 08:54 AM (IST)

ਲੁਧਿਆਣਾ- ਹਲਕਾ ਵੈਸਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਸ਼ਨੀਵਾਰ ਨੂੰ ਸ਼ਾਸਤਰੀ ਨਗਰ ਸਥਿਤ ਇਕ ਏਡਿਡ ਸਕੂਲ ਵਿਚ ਇਕ ਸ਼ਿਕਾਇਤ ਦੇ ਆਧਾਰ ’ਤੇ ਚੈਕਿੰਗ ਕੀਤੀ, ਜਿਸ ਵਿਚ ਉਨ੍ਹਾਂ ਪਾਇਆ ਕਿ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਭੇਜੀਆਂ ਗਈਆਂ ਐਲਬੈਂਡਾਜ਼ੋਲ ਟੈਬਲੇਟਸ ਸਕੂਲ ਦੇ ਕੂੜੇਦਾਨ ਵਿਚ ਪਈਆਂ ਹਨ। ਇਹ ਦੇਖ ਕੇ ਗੋਗੀ ਸਕੂਲ ਦੇ ਡਾਇਰੈਕਟਰ ਅਕੈਡਮਿਕ ਨੂੰ ਮਿਲੇ, ਜਿਨ੍ਹਾਂ ਉਕਤ ਸਬੰਧੀ ਕੋਈ ਵੀ ਗੱਲ ਪ੍ਰਿੰਸੀਪਲ ਨਾਲ ਹੀ ਕਰਨ ਨੂੰ ਕਿਹਾ। ਇਸ ਦੌਰਾਨ ਕਾਫੀ ਸਮੇਂ ਤੱਕ ਚੱਲੀ ਚਰਚਾ ਤੋਂ ਬਾਅਦ ਵਿਧਾਇਕ ਨੇ ਮੌਕੇ ’ਤੇ ਹੀ ਡੀ. ਈ. ਓ. ਹਰਜੀਤ ਸਿੰਘ ਨੂੰ ਫੋਨ ’ਤੇ ਉਕਤ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਕੇ ਸਕੂਲ ਦੀ ਮਾਨਤਾ ਰੱਦ ਕਰਵਾਉਣ ਦੀ ਸਿਫਾਰਿਸ਼ ਵੀ ਕੀਤੀ। ਦੱਸ ਦੇਈਏ ਕਿ ਉਕਤ ਏਡਿਡ ਸਕੂਲ ਵਿਚ ਵੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਖੁਆਉਣ ਲਈ ਉਕਤ ਟੈਬਲੇਟਸ ਪਿਛਲੇ ਦਿਨੀਂ ਭੇਜੀਆਂ ਗਈਆਂ ਸਨ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਗੱਲਬਾਤ ਕਰਦਿਆਂ ਵਿਧਾਇਕ ਗੋਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ’ਤੇ ਸ਼ਿਕਾਇਤ ਕੀਤੀ ਸੀ ਕਿ ਉਕਤ ਸਕੂਲ ਵੱਲੋਂ ਵਿਦਿਆਰਥੀਆਂ ਦੇ ਪੇਟ ਦੇ ਕੀੜੇ ਮਾਰਨ ਵਾਲੀ ਸਰਕਾਰੀ ਦਵਾਈ ਬੱਚਿਆਂ ਨੂੰ ਖੁਆਉਣ ਦੀ ਬਜਾਏ ਡਸਟਬਿਨ ਵਿਚ ਸੁੱਟੀ ਗਈ ਹੈ, ਜਿਸ ਦੀ ਜਾਂਚ ਦੇ ਲਈ ਜਦੋਂ ਉਹ ਸਕੂਲ ਪੁੱਜੇ ਤਾਂ ਸ਼ਿਕਾਇਤ ਸਹੀ ਸਾਬਿਤ ਹੋਈ ਅਤੇ ਸਰਕਾਰੀ ਟੈਬਲੇਟਸ ਦੇ ਡੱਬੇ ਡਸਟਬਿਨ ਵਿਚ ਪਏ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਵੱਲੋਂ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਸੀ ਤਾਂ ਵਾਪਸ ਸਿਵਲ ਸਰਜਨ ਆਫਿਸ ਜਾਂ ਸਿੱਖਿਆ ਵਿਭਾਗ ਨੂੰ ਭੇਜੀ ਜਾ ਸਕਦੀ ਸੀ। ਦਵਾਈ ’ਤੇ ਐਕਸਪਾਇਰੀ ਡੇਟ ਸਾਲ 2024 ਦੀ ਲਿਖੀ ਗਈ ਹੈ। ਇਸ ਲਈ ਇਹ ਟੈਬਲੇਟਸ ਕਿਸੇ ਹੋਰ ਦੇ ਕੰਮ ਆ ਸਕਦੀ ਸੀ। ਗੋਗੀ ਨੇ ਕਿਹਾ ਕਿ ਜਦੋਂ ਉਹ ਸਕੂਲ ਪੁੱਜੇ ਤਾਂ ਪ੍ਰਿੰਸੀਪਲ ਨਹੀਂ ਮਿਲੀ ਅਤੇ ਉਨ੍ਹਾਂ ਦਾ ਫੋਨ ਵੀ ਸਵਿੱਚ ਆਫ ਸੀ ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਇਸ ਬਾਰੇ ਪ੍ਰਿੰਸੀਪਲ ਨੇ ਕਿਹਾ ਕਿ ਮੈਨੂੰ ਪੂਰੇ ਮਾਮਲੇ ਦੀ ਜਾਣਕਾਰੀ ਫੋਨ ’ਤੇ ਹੀ ਮਿਲੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਸੇ ਸਵੀਪਰ ਨੇ ਸਫਾਈ ਕਰਦੇ ਸਮੇਂ ਗਲਤੀ ਨਾਲ ਟੈਬਲੇਟਸ ਦਾ ਡੱਬਾ ਡਸਟਬਿਨ ਵਿਚ ਸੁੱਟ ਦਿੱਤਾ। ਹੁਣ ਇਸ ਦੀ ਜਾਂਚ ਵੀ ਚੱਲ ਰਹੀ ਹੈ ਕਿ ਕਿਸ ਸਵੀਪਰ ਤੋਂ ਇਹ ਗਲਤੀ ਹੋਈ ਹੈ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News