ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਗੰਭੀਰ ਸੰਕਟ ’ਚ ਸੂਬਾ

Tuesday, Nov 28, 2023 - 06:37 PM (IST)

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਗੰਭੀਰ ਸੰਕਟ ’ਚ ਸੂਬਾ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਪੰਜਾਬ ਕਦੇ ਆਰਥਿਕ ਤੌਰ ’ਤੇ ਅਮੀਰ ਸੂਬਾ ਸੀ ਪਰ ਅੱਜ ਪੰਜਾਬ ਦਾ ਵਾਤਾਵਰਨ ਗੰਭੀਰ ਸੰਕਟ ’ਚ ਹੈ। ਪੰਜਾਬ ਅੱਜ ਹਵਾ, ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦੀ ਮਾਰ ਹੇਠ ਆ ਗਿਆ ਹੈ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਉਪਜਾਊ ਮਿੱਟੀ ਦੀ ਗੁਣਵੱਤਾ ਖਤਮ ਕਰ ਰਹੀਆਂ ਹਨ। ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਅਤੇ ਦਰਿਆਈ ਪਾਣੀ ਵੀ ਪ੍ਰਦੂਸ਼ਣ ਦੀ ਮਾਰ ਹੇਠ ਹੈ। ਪੰਜਾਬ ’ਚੋਂ ਜਾਨਵਰਾਂ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਅਲੋਪ ਹੋ ਚੁੱਕੀਆਂ ਹਨ ਅਤੇ ਕੁਝ ਅਲੋਪ ਹੋਣ ਕੰਢੇ ਹਨ। ਇਹ ਕੁਦਰਤ ਦੀ ਇਨਸਾਨਾਂ ਲਈ ਚਿਤਾਵਨੀ ਹੈ ਤੇ ਸਾਨੂੰ ਸਮਝਣ ਦੀ ਲੋੜ ਹੈ। ਪੰਜਾਬ ’ਚ ਹਰ ਸਾਲ ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਹੋ ਰਹੀ ਹੈ, ਫੈਕਟਰੀਆਂ ’ਚੋਂ ਨਿਕਲ ਰਿਹਾ ਰਸਾਇਣਾਂ ਵਾਲਾ ਪਾਣੀ ਸਾਡੇ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ ਪਰ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਪਰਾਲੀ ਤੇ ਨਾੜ ਸਾੜੇ ਜਾਣ, ਆਤਿਸ਼ਬਾਜ਼ੀ, ਏਅਰ ਕੰਡੀਸ਼ਨਰਾਂ, ਤਾਪ ਬਿਜਲੀ ਘਰਾਂ ਅਤੇ ਫੈਕਟਰੀਆਂ ਆਦਿ ਦੇ ਪ੍ਰਦੂਸ਼ਣ ਕਾਰਨ ਸਾਡੀ ਹਵਾ ਵੀ ਸਾਹ ਲੈਣ ਜੋਗੀ ਨਹੀਂ ਰਹੀ।

ਇਹ ਵੀ ਪੜ੍ਹੋ : ਪੁਲਸ ਵਲੋਂ ਇਨਾਮੀ ਗੈਂਗਸਟਰ ਨੀਰਜ ਫਰੀਦਪੁਰੀਆ ਬਣਿਆ ਬੰਬੀਹਾ ਗੈਂਗ ਦਾ ਮੁੱਖ ਸਰਗਣਾ

ਪਰਾਲੀ ਦਾ ਕੋਈ ਪੱਕਾ ਹੱਲ ਸਾਡੀ ਸਰਕਾਰ ਲੱਭੇ ਤਾਂ ਕਿ ਮਜਬੂਰੀ ਵੱਸ ਸਾਡੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ ਅਤੇ ਵਾਤਾਵਰਨ ਦਾ ਬਚਾਅ ਹੋ ਸਕੇ। ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਥਾਂ ਸਰਕਾਰ ਕੋਈ ਢੁੱਕਵਾਂ ਹੱਲ ਕਰੇ। ਸਾਨੂੰ ਵਾਤਾਵਰਨ ਬਚਾਉਣ ਲਈ ਵੱਡੇ ਪੱਧਰ ’ਤੇ ਦਰਖ਼ਤ ਲਾਉਣੇ ਚਾਹੀਦੇ ਹਨ ਅਤੇ ਆਤਿਸ਼ਬਾਜ਼ੀ ’ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ ਤੇ ਇਸ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਇਸ ਤੋਂ ਇਲਾਵਾ ਕੁਦਰਤ ਨਾਲ ਛੇੜਛਾੜ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਜਿਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਵਾਤਾਵਰਨ ਬਿਨਾਂ ਜੀਵਨ ਦੀ ਕਲਪਨਾ ਵੀ ਸੰਭਵ ਨਹੀਂ। ਹਵਾ, ਪਾਣੀ ਅਤੇ ਰੁੱਖ ਇਸ ਦੇ ਮੁੱਖ ਅੰਸ਼ ਹਨ। ਆਪਣੇ ਸੁੱਖ ਲਈ ਮਨੁੱਖ ਰੋਜ਼ਾਨਾ ਲੱਖਾਂ ਹੀ ਰੁੱਖਾਂ ਦੀ ਬਲੀ ਚਾੜ੍ਹ ਰਿਹਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸਕਾਰਪੀਓ ’ਤੇ ਆਏ ਬਦਮਾਸ਼ਾਂ ਨੇ ਫਾਈਨਾਂਸਰ ਨੂੰ ਮੋਰੀਆਂ ਗੋਲ਼ੀਆਂ

ਖੇਤੀਬਾੜੀ ਦੀ ਰਸਾਇਣਾਂ ’ਤੇ ਨਿਰਭਰਤਾ ਨੇ ਜ਼ਰਖੇਜ਼ ਜ਼ਮੀਨ ਸਰਾਪੀ

ਪ੍ਰਦੂਸ਼ਣ ਤੋਂ ਹੋਣ ਵਾਲੇ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਇਲਾਜ ਮਸ਼ੀਨਾਂ ਤੋਂ ਵੀ ਮਹਿੰਗਾ ਹੈ ਅਤੇ ਨਾਲ ਜਾਨ ਵੀ ਜਾਂਦੀ ਹੈ। ਵਾਤਾਵਰਨ ਪ੍ਰਦੂਸ਼ਣ ਦੀ ਮਾਰ ਤੋਂ ਬਚਣ ਲਈ ਪਹਿਲਾਂ ਸਾਨੂੰ ਆਪਣਾ ਮਾਨਸਿਕ ਪ੍ਰਦੂਸ਼ਣ ਖ਼ਤਮ ਕਰਨਾ ਪਵੇਗਾ। ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਦੀ ਚੌਤਰਫ਼ਾ ਮਾਰ ਪੈ ਰਹੀ ਹੈ। ਖੇਤੀਬਾੜੀ ਨਿਰੀ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ’ਤੇ ਨਿਰਭਰ ਹੋ ਜਾਣ ਕਾਰਨ ਸਾਡੀ ਜ਼ਰਖੇਜ਼ ਜ਼ਮੀਨ ਸਰਾਪੀ ਗਈ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਣ ਦਾ ਖ਼ਤਰਾ ਹੈ। ਜ਼ਮੀਨ ਹੇਠਲੇ ਪਾਣੀ ਦੀ ਵੱਡੇ ਪੱਧਰ ’ਤੇ ਵਰਤੋਂ ਨੇ ਇਸ ਅੰਮ੍ਰਿਤ ਦਾ ਲਗਭਗ ਭੋਗ ਪਾ ਦਿੱਤਾ ਹੈ। ਦਰਿਆਈ ਪਾਣੀ ਲਈ ਵੀ ਅਨੇਕਾਂ ਸੰਕਟ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ : ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਨੂੰ ਲੈ ਕੇ ਵੱਡਾ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

ਸਾਰੇ ਵਰਗਾਂ ਦੇ ਲੋਕ ਵਾਤਾਵਰਨ ਨੂੰ ਬਚਾਉਣ : ਸਮਾਜ ਸੇਵਕ

ਉੱਘੇ ਕਿਸਾਨ ਧਨਵੰਤ ਸਿੰਘ ਬਰਾੜ ਲੱਖੇਵਾਲੀ, ਗੁਰਤੇਜ ਸਿੰਘ ਢਿੱਲੋਂ, ਐਡਵੋਕੇਟ ਗੁਰਸ਼ਮਿੰਦਰ ਸਿੰਘ ਬਰਾੜ ਲੱਖੇਵਾਲੀ, ਸੇਵਾ-ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਭਾਗਸਰ, ਗੁਰਪ੍ਰੀਤ ਸਿੰਘ ਮੱਲਣ, ਬੰਟੀ ਬਰਾੜ ਭਾਗਸਰ, ਕਾਨੂੰਗੋ ਜਸਵਿੰਦਰ ਸਿੰਘ ਰਾਮਗੜ੍ਹ ਚੂੰਘਾਂ, ਗਗਨ ਔਲਖ, ਕਰਮਜੀਤ ਕੌਰ ਗੋਨੇਆਣਾ, ਛਿੰਦਰਪਾਲ ਕੌਰ ਜਲਾਲਾਬਾਦ, ਵਾਈਸ ਪ੍ਰਿੰਸੀਪਲ ਕੁਸਮ ਪਰੂਥੀ ਅਤੇ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਇਸ ਸਮੇਂ ਭਾਂਤ-ਭਾਂਤ ਦੇ ਸੰਕਟਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ’ਚੋਂ ਵਾਤਾਵਰਨ ਸੰਕਟ ਪ੍ਰਮੁੱਖ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ, ਦਰਿਆਵਾਂ ਦਾ ਪਾਣੀ ਵੀ ਹੱਦੋਂ ਵੱਧ ਪ੍ਰਦੂਸ਼ਿਤ ਹੋ ਗਿਆ ਹੈ। ਲੋਕਾਂ ਨੂੰ ਕੈਂਸਰ ਜਿਹੀਆਂ ਨਾਮੁਰਾਦ ਬੀਮਾਰੀਆਂ ਨੇ ਘੇਰ ਲਿਆ ਹੈ। ਜ਼ਮੀਨ ਵੀ ਹੱਦੋਂ ਵੱਧ ਕੈਮੀਕਲਾਂ, ਸਪਰੇਆਂ ਕਰ ਕੇ ਜ਼ਹਿਰੀਲੀ ਹੋ ਚੁੱਕੀ ਹੈ। ਕਿਸੇ ਵਕਤ ਜ਼ਮੀਨ ਵਾਹੇ ਤੋਂ ਮਿੱਟੀ ਦੀ ਖੁਸ਼ਬੂ ਆਉਦੀ ਹੁੰਦੀ ਸੀ, ਜੋ ਅੱਜ ਗਾਇਬ ਹੈ। ਹਵਾ ਵੀ ਗੰਧਲੀ ਹੋ ਚੁੱਕੀ ਹੈ, ਜਿਸ ਲਈ ਬਹੁਤ ਕੁਝ ਜ਼ਿੰਮੇਵਾਰ ਹੈ। ਪੰਜਾਬ ਦਾ ਵਾਤਾਵਰਨ ਪਲੀਤ ਹੋਣ ਕਾਰਨ ਕੈਂਸਰ, ਹੈਪੇਟਾਈਟਸ, ਡੇਂਗੂ ਅਤੇ ਹੋਰ ਬੀਮਾਰੀਆਂ ਵਧ ਰਹੀਆਂ ਹਨ। ਸੁਣਿਆ ਸੀ ਕਿ ਪੁਰਾਣੇ ਸਮੇਂ ’ਚ ਤਾਨਾਸ਼ਾਹਾਂ ਵੱਲੋਂ ਲੋਕਾਂ ਨੂੰ ਮਾਰਨ ਲਈ ਜ਼ਹਿਰੀਲੀ ਗੈਸ ਦੇ ਚੈਂਬਰਾਂ ’ਚ ਬੰਦ ਕਰ ਦਿੱਤਾ ਜਾਂਦਾ ਸੀ, ਪਰੰਤੂ ਹੁਣ ਤਾਂ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਖੁਦ ਹੀ ਜ਼ਹਿਰੀਲੀ ਗੈਸ ਦੇ ਚੈਂਬਰ ਤਿਆਰ ਕਰ ਰਹੇ ਹਾਂ। ਸਰਕਾਰਾਂ ਨੂੰ ਇਸ ਬਾਰੇ ਜਾਗੂਰੁਕਤਾ ਲਈ ਜੰਗੀ ਪੱਧਰ ’ਤੇ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੁਲਸ ਚੌਕੀ ਲਾਧੂਕਾ ਮੰਡੀ ਦਾ ਏ. ਐੱਸ. ਆਈ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News