ਲਾਸ਼ ਵਾਲੀ ਬੀ. ਐੱਮ. ਡਬਲਿਊ. ਨੂੰ ਪੁਲਸ ਕਰੇਗੀ ਹਾਈਕੋਰਟ ''ਚ ਪੇਸ਼
Sunday, Aug 20, 2017 - 08:30 AM (IST)

ਮੋਹਾਲੀ (ਰਾਣਾ) - ਏਕਮ ਮਰਡਰ ਕੇਸ ਵਿਚ ਸੀਰਤ ਨੇ ਆਪਣੇ ਪਤੀ ਏਕਮ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਜਿਹੜੀ ਬੀ. ਐੱਮ. ਡਬਲਿਊ. ਕਾਰ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਨੂੰ ਮਟੌਰ ਥਾਣਾ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਸ ਨੂੰ ਕੋਰਟ ਵਲੋਂ ਅਗਲੀ ਪੇਸ਼ੀ 'ਤੇ ਲਿਆਉਣ ਲਈ ਪੁਲਸ ਨੂੰ ਹੁਕਮ ਦਿੱਤੇ ਗਏ ਹਨ। ਕਾਰ 'ਤੇ ਕਿਸੇ ਦੀ ਨਜ਼ਰ ਨਾ ਪਏ, ਇਸ ਲਈ ਮਟੌਰ ਥਾਣਾ ਪੁਲਸ ਨੇ ਉਸ ਨੂੰ ਬੜੀ ਸਾਵਧਾਨੀ ਨਾਲ ਰੱਖਿਆ ਸੀ ਪਰ ਫਿਰ ਵੀ ਮੀਡੀਆ ਦੀ ਨਜ਼ਰ ਉਸ 'ਤੇ ਪੈ ਗਈ।
ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੋਣੀ ਹੈ। ਇਸ ਸੁਣਵਾਈ ਵਿਚ ਕੋਰਟ ਨੇ ਮਾਮਲੇ ਦੇ ਮੁੱਖ ਗਵਾਹ ਆਟੋ ਚਾਲਕ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਫੇਜ਼-3ਬੀ1 ਵਿਚ ਕੋਠੀ ਨੰਬਰ-116 ਦੇ ਬਾਹਰ 19 ਮਾਰਚ ਨੂੰ ਸੂਟ ਕੇਸ ਵਿਚੋਂ ਇਕ ਲਾਸ਼ ਮਿਲੀ ਸੀ, ਜੋ ਕੋਠੀ ਵਿਚ ਕਿਰਾਏ 'ਤੇ ਰਹਿਣ ਆਏ ਏਕਮ ਢਿੱਲੋਂ ਦੀ ਸੀ। 6 ਫੁੱਟ ਸਾਢੇ 3 ਇੰਚ ਦੇ ਏਕਮ ਦੀ ਲਾਸ਼ ਨੂੰ ਸੂਟ ਕੇਸ ਵਿਚ ਪਾ ਕੇ ਉਸ ਦੀ ਪਤਨੀ ਸੀਰਤ ਟਿਕਾਣੇ ਲਾਉਣ ਜਾ ਰਹੀ ਸੀ। ਏਕਮ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਦੇ ਬਿਆਨਾਂ 'ਤੇ ਪੁਲਸ ਨੇ ਸੀਰਤ, ਉਸ ਦੀ ਮਾਂ ਜਸਵਿੰਦਰ ਕੌਰ ਤੇ ਭਰਾ ਵਿਨੈ ਪ੍ਰਤਾਪ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਸੀ।