ਅਕਾਲੀ ਆਗੂਆਂ ਮੋਤੀ ਮਹਿਲ ਵੱਲ ਕੀਤਾ ਕੂਚ
Tuesday, Jan 16, 2018 - 05:49 AM (IST)

ਪਟਿਆਲਾ, (ਬਲਜਿੰਦਰ, ਪ. ਪ., ਰਾਣਾ)- ਪੰਚਾਇਤੀ ਚੋਣਾਂ ਵਿਚ ਵਿਰੋਧੀਆਂ ਦੇ ਗਲ ਵੱਢ ਕੇ ਲਿਆਉਣ ਦਾ ਬਿਆਨ ਦੇਣ ਵਾਲੇ ਕਾਂਗਰਸੀ ਆਗੂ 'ਤੇ ਸਰਕਾਰ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਭੜਕਿਆ ਅਕਾਲੀ ਦਲ ਅੱਜ ਸੜਕਾਂ 'ਤੇ ਉਤਰ ਆਇਆ। ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਜ਼ਿਲਾ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਅਕਾਲੀਆਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ। ਅਕਾਲੀ ਆਗੂ ਗੁਰਦੁਆਰਾ ਸਿੰਘ ਸਭਾ ਵਿਚ ਸਵੇਰੇ ਹੀ ਜਮ੍ਹਾ ਹੋਣੇ ਸ਼ੁਰੂ ਹੋ ਗਏ। ਜਿਉਂ ਹੀ ਪੁਲਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਐੈੱਮ. ਪੀ. ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪ੍ਰੀਤ ਕੌਰ ਮੁਖਮੇਲਪੁਰ ਤੇ ਵਨਿੰਦਰ ਕੌਰ ਲੂੰਬਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਲਗਭਗ 2 ਘੰਟੇ ਤੱਕ ਨਜ਼ਰਬੰਦ ਰੱਖਿਆ। ਇਸੇ ਦੌਰਾਨ ਅਕਾਲੀ ਆਗੁਆਂ ਨੇ ਗੇਟ ਅਤੇ ਕੰਧਾਂ ਟੱਪਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅੰਦਰ ਭੀੜ ਵਧਦੀ ਗਈ ਤਾਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀਆਂ ਨੇ ਮੋਤੀ ਮਹਿਲ ਵੱਲ ਕੂਚ ਕੀਤਾ, ਜਿਨ੍ਹਾਂ ਨੂੰ ਪੋਲੋ ਗਰਾਊਂਡ ਦੇ ਸਾਹਮਣੇ ਰੋਕ ਲਿਆ ਗਿਆ। ਅਕਾਲੀ ਆਗੂਆਂ ਨੇ ਧਰਨਾ ਦੇ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਆਗੂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਜਦੋਂ ਕੁੱਝ ਅਕਾਲੀ ਆਗੂਆਂ ਦੀ ਨਜ਼ਰਬੰਦੀ ਦੀ ਖਬਰ ਪਹੁੰਚੀ ਤਾਂ ਇਕ ਜੱਥਾ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਗੁਪਤ ਰਸਤਿਆਂ ਰਾਹੀਂ ਵਾਈ. ਪੀ. ਐੈੱਸ. ਚੌਕ 'ਚ ਪਹੁੰਚ ਗਿਆ। ਪੁਲਸ ਨੇ ਉਨ੍ਹਾਂ ਨੂੰ ਉਥੇ ਹੀ ਘੇਰ ਲਿਆ। ਅੱਜ ਸਵੇਰ ਤੋਂ ਹੀ ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਸ ਮੌਜੂਦ ਸੀ। ਪੂਰੇ ਏਰੀਏ ਨੂੰ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਇਥੇ ਵੱਖ-ਵੱਖ ਆਗੂਆਂ ਨੇ ਖੁੱਲ੍ਹ ਕੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਪੰਚਾਇਤੀ ਚੋਣਾਂ ਵਿਚ ਕ੍ਰਿਪਾਨਾਂ ਕੱਢਣ ਅਤੇ ਵਿਰੋਧੀਆਂ ਦੇ ਗਲ ਵੱਢ ਕੇ ਲਿਆਉਣ ਵਾਲਾ ਬਿਆਨ ਦੇਣ ਦੀ ਨਿੰਦਾ ਕੀਤੀ। ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਵਨਿੰਦਰ ਕੌਰ ਲੂੰਬਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਲਵਿੰਦਰ ਕੌਰ ਚੀਮਾ ਤੇ ਮੰਜੂ ਕੁਰੈਸ਼ੀ ਨੇ ਹੈਰੀਮਾਨ ਦੇ ਇਸ ਬਿਆਨ ਨੂੰ ਕਾਇਰਾਨਾ ਕਰਾਰ ਦਿੰਦੇ ਹੋਏ ਅਜਿਹੀ ਸ਼ਬਦਾਵਲੀ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਆਪਹੁਦਰੇ ਤੇ ਅਬਦਾਲੀ ਦਾ ਰੂਪ ਧਾਰਨ ਕਰ ਕੇ ਸਨੌਰ ਵਿਚ ਆਏ ਆਗੂ ਵੱਲੋਂ ਸਨੌਰ ਦੀ ਅਮਨ-ਸ਼ਾਂਤੀ ਭੰਗ ਕਰਨ ਅਤੇ ਭਾਈਚਾਰੇ ਵਿਚ ਫੁੱਟ ਪਾਉਣ ਦੀ ਮਨਸ਼ਾ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕਾਂਗਰਸੀ ਆਗੂ ਨੇ ਅਜਿਹੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਭ ਤੋਂ ਪਹਿਲਾਂ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਗਲ ਵੱਢਣਾ ਪਵੇਗਾ। ਉਸ ਤੋਂ ਬਾਅਦ ਹੀ ਉਹ ਹਲਕੇ ਦੇ ਲੋਕਾਂ ਵੱਲ ਹੈਰੀਮਾਨ ਅਤੇ ਉਸ ਦੇ ਗੁੰਡਿਆਂ ਦੇ ਟੋਲੇ ਨੂੰ ਜਾਣ ਦੀ ਇਜਾਜ਼ਤ ਦੇਣਗੇ। ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂ 'ਤੇ ਕੋਈ ਕਾਰਵਾਈ ਨਾ ਕਰਨ ਅਤੇ ਇਸ ਮਾਮਲੇ ਵਿਚ ਚੁੱਪ ਧਾਰ ਕੇ ਖੁੱਲ੍ਹੇਆਮ ਗੈਂਗਸਟਰ ਤੇ ਗੁੰਡੇ ਬਦਮਾਸ਼ਾਂ ਦੀ ਸਰਪ੍ਰਸਤੀ ਕਬੂਲੀ ਹੈ।
ਇਸ ਮੌਕੇ ਕਰਨੈਲ ਸਿੰਘ ਪੰਜੌਲੀ, ਐੈੱਸ. ਜੀ. ਪੀ. ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਅਮਰਿੰਦਰ ਬਜਾਜ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਸੁਖਬੀਰ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਕਬੀਰ ਦਾਸ, ਸੁਰਜੀਤ ਸਿੰਘ ਅਬਲੋਵਾਲ, ਜਗਜੀਤ ਸਿੰਘ ਕੋਹਲੀ, ਮੁਸਲਿਮ ਵਿੰਗ ਮਾਲਵਾ ਜ਼ੋਨ ਦੇ ਪ੍ਰਧਾਨ ਮੂਸਾ ਖਾਨ, ਦਲਜੀਤ ਸਿੰਘ, ਈਸ਼ਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਜਿੰਦਲ ਪਾਤੜਾਂ, ਸੰਦੀਪ ਰਾਜਾ ਤੁੜ, ਸਤਪਾਲ ਸਿੰਘ ਪੂਨੀਆ, ਹਰੀ ਸਿੰਘ ਪੰਜੌਲਾ, ਜਗਤਾਰ ਨੰਬਰਦਾਰ ਪੰਜੌਲਾ, ਕੁਲਦੀਪ ਸਿੰਘ ਹਰਪਾਲਪੁਰ, ਕ੍ਰਿਸ਼ਨ ਸਨੌਰ, ਪਰਮਜੀਤ ਪੰਮਾ, ਸੁਖਵਿੰਦਰਪਾਲ ਮਿੰਟਾ, ਸੁਖਬੀਰ ਸਨੌਰ, ਜਸਪਾਲ ਬਿੱਟੂ ਚੱਠਾ, ਰਾਜਿੰਦਰ ਵਿਰਕ, ਹਰਬਖਸ਼ ਚਹਿਲ, ਰਵਿੰਦਰ ਵਿੰਦਾ, ਸ਼ਾਰਦਾ ਦੇਵੀ ਤੇ ਸੀਮਾ ਸ਼ਰਮਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।