ਠੰਡਾ ਪਿਆ ਅਕਾਲੀ ਆਗੂ ਤਲਬੀਰ ਗਿੱਲ, ਪਾਰਟੀ ਤੋਂ ਮੰਗੀ ਮੁਆਫੀ

Wednesday, Sep 09, 2020 - 10:18 PM (IST)

ਠੰਡਾ ਪਿਆ ਅਕਾਲੀ ਆਗੂ ਤਲਬੀਰ ਗਿੱਲ, ਪਾਰਟੀ ਤੋਂ ਮੰਗੀ ਮੁਆਫੀ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤਲਬੀਰ ਸਿੰਘ ਗਿੱਲ ਨੇ ਅੱਜ ਪਾਰਟੀ ਤੋਂ ਮੁਆਫੀ ਮੰਗ ਲਈ ਹੈ। ਤਲਬੀਰ ਗਿੱਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਸੀ, ਜਿਸ 'ਚ ਹਾਈਕਮਾਨ ਬਾਰੇ ਗੁੱਸੇ 'ਚ ਉਸ ਵਲੋਂ ਗਲਤ ਬੋਲਿਆ ਗਿਆ। ਗਿੱਲ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਥੋੜਾ ਜਿਹਾ ਜਜ਼ਬਾਤੀ ਹੋਣ ਦੇ ਨਾਤੇ ਕਿਤੇ ਨਾ ਕਿਤੇ ਮੈਂ ਗਲਤ ਬੋਲ ਗਿਆ, ਉਸ ਗੱਲ ਦੀ ਮੈਂ ਹਾਈਕਮਾਂਡ ਤੋਂ ਮੁਆਫੀ ਮੰਗਦਾ ਹਾਂ।
ਐਸ. ਜੀ. ਪੀ. ਸੀ. ਪ੍ਰਧਾਨ ਭਾਈ ਲੌਂਗੋਵਾਲ ਨਾਲ ਹੋਈ ਬੈਠਕ ਦੌਰਾਨ ਤਲਬੀਰ ਗਿੱਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਮੇਰਾ ਡਾਕਟਰ ਸਾਹਿਬ ਨਾਲ ਜੋ ਵਿਵਾਦ ਚੱਲ ਰਿਹਾ ਸੀ, ਉਸ ਬਾਰੇ ਮੈਂ ਜਿਹੜੀ ਵਾਰ-ਵਾਰ ਹਾਈਕਮਾਂਡ ਨੂੰ ਬੇਨਤੀ ਕੀਤੀ ਸੀ, ਉਨ੍ਹਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਇਸ ਲਈ ਮੈਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਗਿੱਲ ਨੇ ਕਿਹਾ ਬੈਠਕ ਦੌਰਾਨ ਐਸ. ਜੀ. ਪੀ. ਸੀ. ਪ੍ਰਧਾਨ ਵਲੋਂ ਸਬ ਕਮੇਟੀ ਬਣਾ ਕੇ ਉਕਤ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਅਤੇ ਜਿਹੜਾ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਤਲਬੀਰ ਸਿੰਘ ਗਿੱਲ ਵੱਲੋਂ ਪਿਛਲੇ ਦਿਨੀਂ ਕੁਝ ਵੀਡੀਓ ਜਾਰੀ ਕਰਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਮੁਖੀ ਡਾ.ਏ.ਪੀ.ਸਿੰਘ ਤੇ ਉਸ ਦੇ ਕੁਝ ਖਾਸਮ-ਖਾਸ ਡਾਕਟਰਾਂ 'ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ, ਪਾਰਟੀ ਨੁਮਾਇੰਦਿਆ ਨੂੰ ਨੀਵਾਂ ਦਿਖਾਉਣ ਅਤੇ ਹਸਪਤਾਲ 'ਚ ਮੰਨਮਾਨੀਆਂ ਕਰਨ ਸਮੇਤ ਕੁਝ ਹੋਰ ਵੀ ਦੋਸ਼ ਮੜ੍ਹੇ ਸਨ। ਜਿਸ ਤੋਂ ਬਾਅਦ ਭਾਂਵੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਬੀਰ ਸਿੰਘ ਗਿੱਲ ਦਾ ਗੁੱਸਾ ਸ਼ਾਂਤ ਕਰਦਿਆਂ ਉਕਤ ਡਾਕਟਰਾਂ ਖ਼ਿਲਾਫ਼ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਤਾ ਸੀ ਪਰ ਮਿਥਿਆ ਸਮਾਂ ਲੰਘ ਜਾਣ ਤੋਂ ਬਾਅਦ ਵੀ ਜਦੋਂ ਹਾਈਕਮਾਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਭਰੇ ਪੀਤੇ ਬੈਠੇ ਤਲਬੀਰ ਗਿੱਲ ਨੇ ਇਕ ਵੀਡੀਓ ਜਾਰੀ ਕਰਕੇ ਪਾਰਟੀ ਹਾਈਕਮਾਨ ਨੂੰ ਆਪਣੇ ਜਜ਼ਬਾਤਾਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਸੀ ਕਿ ਹੁਣ ਇਕ ਮਿਆਨ 'ਚ 2 ਤਲਵਾਰਾਂ ਨਹੀਂ ਰਹਿ ਸਕਦੀਆ।

 


author

Deepak Kumar

Content Editor

Related News