ਹੈਰੋਇਨ ਸਣੇ ਫੜੇ ਗਏ ਅਕਾਲੀ ਆਗੂ ਦੀ ਪਤਨੀ ਬੋਲੀ-ਸਾਜਿਸ਼ ਤਹਿਤ ਫਸਾਇਆ
Tuesday, Sep 03, 2019 - 03:19 PM (IST)

ਜਲੰਧਰ (ਜ. ਬ., ਮਹੇਸ਼)— ਪੁਲਸ ਵੱਲੋਂ ਰਾਏਪੁਰ ਰਸੂਲਪੁਰ ਦੇ ਅਕਾਲੀ ਆਗੂ ਪ੍ਰਿਥੀਪਾਲ ਸਿੰਘ ਦੀ 850 ਗਰਾਮ ਹੈਰੋਇਨ ਨਾਲ ਦਿਖਾਈ ਗਈ ਗ੍ਰਿਫਤਾਰੀ ਨੂੰ ਉਸ ਦੀ ਬਲਾਕ ਸੰਮਤੀ ਮੈਂਬਰ ਅਤੇ ਪ੍ਰੋਫੈਸਰ ਪਤਨੀ ਲਵਪ੍ਰੀਤ ਕੌਰ ਨੇ ਇਕ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਲਵਪ੍ਰੀਤ ਨੇ ਕਿਹਾ ਕਿ ਪ੍ਰਿਥੀਪਾਲ ਦੇ ਦੋਸਤ ਅਮਿਤ ਨੀਲਾ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਪੀੜਤ ਔਰਤ ਅਤੇ ਵਿਅਕਤੀ ਦੇ ਪੈਸੇ ਏਜੰਟ ਕੋਲ ਫਸੇ ਹੋਏ ਹਨ। ਏਜੰਟ ਦਿੱਲੀ ਦਾ ਸੀ ਅਤੇ ਇਸ ਸਿਲਸਿਲੇ 'ਚ ਪ੍ਰਿਥੀਪਾਲ, ਅਮਿਤ ਨੀਲਾ, ਪੀੜਤ ਔਰਤ ਅਮਨ ਅਤੇ ਇਕ ਹੋਰ ਵਿਅਕਤੀ ਇਕੱਠੇ 29 ਤਰੀਕ ਨੂੰ ਦਿੱਲੀ ਗਏ ਸਨ। 29 ਤਰੀਕ ਨੂੰ ਲਗਾਤਾਰ ਪ੍ਰਿਥੀ ਨੂੰ ਫੋਨ ਕੀਤੇ ਪਰ ਫੋਨ ਸਵਿੱਚ ਆਫ ਆ ਰਿਹਾ ਸੀ। 30 ਤਰੀਕ ਨੂੰ ਸਵੇਰੇ 3.30 ਵਜੇ ਫੋਨ ਕੀਤਾ ਤਾਂ ਫੋਨ ਦੂਜੇ ਪਾਸਿਓਂ ਕੱਟ ਦਿੱਤਾ ਗਿਆ। ਸਵੇਰੇ ਅਖਬਾਰ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਪ੍ਰਿਥੀਪਾਲ ਸਿੰਘ ਨੂੰ ਨਸ਼ੇ ਵਾਲੇ ਪਦਾਰਥ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ।
ਲਵਪ੍ਰੀਤ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਐੱਫ. ਆਈ. ਆਰ. 'ਚ ਵੀ ਗਲਤ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਸ ਨੇ ਪ੍ਰਿਥੀਪਾਲ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਜਦੋਂਕਿ ਪੁਲਸ ਨੇ ਉਸਦੀ ਗ੍ਰਿਫਤਾਰੀ ਢਿੱਲਵਾਂ ਤੋਂ ਦਿਖਾਈ ਹੈ। ਇਹ ਸਾਰਾ ਮਾਮਲਾ ਸਾਜ਼ਿਸ਼ ਦਾ ਹਿੱਸਾ ਹੈ।
ਕਿਤੇ ਲਾਈਮ-ਲਾਈਟ 'ਚ ਨਾ ਆ ਜਾਵੇ ਇਸ ਲਈ ਬਣਾਇਆ ਸਾਜ਼ਿਸ਼ ਦਾ ਸ਼ਿਕਾਰ
ਲਵਪ੍ਰੀਤ ਨੇ ਕਿਹਾ ਕਿ ਉਸ ਦੇ ਪਤੀ ਸਾਰੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਂਦੇ ਸਨ। ਇਲਾਕੇ ਵਿਚ ਨਸ਼ਿਆਂ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਸੀ। ਸੱਤਾਧਾਰੀ ਪਾਰਟੀ ਦੇ ਲੋਕ ਇਸ ਗੱਲ ਤੋਂ ਡਰ ਗਏ ਸਨ ਕਿ ਕਿਤੇ ਪ੍ਰਿਥੀਪਾਲ ਲਾਈਮ-ਲਾਈਟ 'ਚ ਆ ਗਏ ਤਾਂ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਤੇ ਇਸ ਲਈ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਬਣਾਈ ਗਈ।
ਕਾਨੂੰਨ ਦੇ ਤਹਿਤ ਕੀਤੀ ਗਈ ਕਾਰਵਾਈ- ਏ. ਸੀ. ਪੀ.
ਏ. ਸੀ. ਪੀ. ਸੈਂਟਰ ਹਰਸਿਮਰਤ ਸਿੰਘ ਛੇਤਰਾ ਨੇ ਕਿਹਾ ਕਿ ਪੁਲਸ ਨੇ ਪ੍ਰਿਥੀਪਾਲ ਸਿੰਘ ਤੇ ਅਮਿਤ ਨੀਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਪੁਲਸ ਨੇ ਉਕਤ ਮਾਮਲੇ 'ਚ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ। ਪੂਰੇ ਘਟਨਾਚੱਕਰ ਅਨੁਸਾਰ ਹੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।