ਕਪੂਰਥਲਾ ਦੇ ਅਕਾਲੀ ਆਗੂਆਂ ਨੇ ਵਿਧਾਇਕ ਰਾਣਾ ਗੁਰਜੀਤ ਸਮੇਤ ਕਾਂਗਰਸੀ ਆਗੂਆਂ 'ਤੇ ਲਾਏ ਗੰਭੀਰ ਦੋਸ਼

Wednesday, May 27, 2020 - 04:19 PM (IST)

ਕਪੂਰਥਲਾ ਦੇ ਅਕਾਲੀ ਆਗੂਆਂ ਨੇ ਵਿਧਾਇਕ  ਰਾਣਾ ਗੁਰਜੀਤ ਸਮੇਤ ਕਾਂਗਰਸੀ ਆਗੂਆਂ 'ਤੇ ਲਾਏ ਗੰਭੀਰ ਦੋਸ਼

ਕਪੂਰਥਲਾ (ਜ. ਬ.) : ਸ਼੍ਰੋਮਣੀ ਅਕਾਲੀ ਦਲ (ਬਾਦਲ) ਕਪੂਰਥਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ, ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਆਦਿ ਨੇ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਵਜੀਰ ਸਮੇਤ ਸਥਾਨਕ ਕਾਂਗਰਸੀ ਆਗੂਆਂ 'ਤੇ ਗੰਭੀਰ ਦੋਸ਼ ਲਗਾਏ। ਕਪੂਰਥਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਆਗੂਆਂ ਨੇ ਕਾਂਗਰਸੀ ਆਗੂਆਂ 'ਤੇ ਕਥਿਤ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਅਤੇ ਗੈਂਗਸਟਰਾਂ ਨਾਲ ਸੰਪਰਕ ਬਣਾਉਣ ਆਦਿ ਵਰਗੇ ਗੰਭੀਰ ਦੋਸ਼ ਲਗਾਏ।

ਉਕਤ ਅਕਾਲੀ ਆਗੂਆਂ ਨੇ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਨੂੰ ਸ਼ਹਿਰ 'ਚ ਵਿਗੜੀ ਕਾਨੂੰਨ ਵਿਵਸਥਾ ਨੂੰ ਸੁਧਾਰਨ/ਬਹਾਲ ਕਰਨ ਲਈ ਨਿੱਜੀ ਤੌਰ 'ਤੇ ਮਿਲ ਕੇ ਲਿਖਤੀ ਮੰਗ-ਪੱਤਰ ਵੀ ਸੌਂਪਿਆ। ਅਕਾਲੀ ਆਗੂਆਂ ਨੇ ਦੱਸਿਆ ਕਿ ਕਪੂਰਥਲਾ ਹਲਕੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਨਾਲ ਸਬੰਧਿਤ ਦਰਜਨ ਭਰ ਕਾਂਗਰਸੀ ਆਗੂ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਸ਼ਰੇਆਮ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ, ਨਸ਼ਾ (ਚਿੱਟਾ) ਸਪਲਾਈ ਕਰ ਰਹੇ ਹਨ, ਸਰਕਾਰੀ ਤੇ ਗੈਰ ਸਰਕਾਰੀ ਤੋਂ ਇਲਾਵਾ ਜੁਮਲਾ ਮਾਲਕਿਨ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ, ਸ਼ਹਿਰ 'ਚ ਸ਼ਰੇਆਮ ਦੜੇ ਸੱਟੇ ਦਾ ਕਾਰੋਬਾਰ ਕਰ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਦੀ ਪੂਰਨ ਹਮਾਇਤ ਹੈ। ਉਕਤ ਅਕਾਲੀ ਵਰਕਰਾਂ ਨੇ ਕਿਹਾ ਕਿ ਅਕਾਲੀ ਦਲ ਦੇ ਇਕ ਵਰਕਰ ਦਵਿੰਦਰ ਸਿੰਘ ਤੇ ਉਸ ਦੇ ਪਰਿਵਾਰ 'ਤੇ ਘਰ ਅੰਦਰ ਦਾਖਲ ਹੋ ਕੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ, ਨੂੰ ਵੀ ਕਾਂਗਰਸੀ ਵਿਧਾਇਕ ਦੇ ਦਬਾਅ 'ਚ ਦਖਲ ਅੰਦਾਜ਼ੀ ਕਾਰਨ ਪੁਲਸ ਕਾਰਵਾਈ ਨਹੀਂ ਕਰ ਰਹੀ ਜੋਕਿ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰ ਕਾਨੂੰਨ ਦਾ ਸ਼ਰੇਆਮ ਸੋਸ਼ਣ ਹੈ ਜਿਸ ਨੂੰ ਅਕਾਲੀ ਦਲ ਹਰਗਿਜ ਬਰਦਾਸ਼ਤ ਨਹੀਂ ਕਰੇਗਾ।

PunjabKesari

ਕੀ ਕਹਿੰਦੇ ਹਨ ਰਾਣਾ ਗੁਰਜੀਤ ਸਿੰਘ
ਕਪੂਰਥਲਾ (ਮੱਲ੍ਹੀ) : ਅਕਾਲੀ ਆਗੂਆਂ ਵਲੋਂ ਕਾਂਗਰਸੀ ਆਗੂਆਂ ਅਤੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ 'ਤੇ ਲਗਾਏ ਗੰਭੀਰ ਦੋਸ਼ਾਂ ਸਬੰਧੀ ਜਦੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਲਕੇ ਦੇ ਅਕਾਲੀ ਆਗੂਆਂ ਵਲੋਂ ਮੇਰੇ 'ਤੇ ਅਤੇ ਹੋਰ ਕਾਂਗਰਸੀ ਆਗੂਆਂ 'ਤੇ ਜੋ ਵੀ ਨਸ਼ਾ ਸਮੱਗਲਿੰਗ ਦੇ ਲਗਾਏ ਗਏ ਹਨ, ਉਹ ਬੇਬੁਨਿਆਦ ਅਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਜੇ ਮੈਂ ਨਸ਼ਾ ਵਕਾਉਣਾ ਹੁੰਦਾ ਤਾਂ ਕਪੂਰਥਲਾ ਪੁਲਸ ਵਲੋਂ ਮੇਰੇ ਹਲਕੇ 'ਚ ਨਸ਼ਾ ਤਸਕਰਾਂ 'ਤੇ ਪਰਚੇ ਦਰਜ ਨਾ ਹੁੰਦੇ। ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਸ ਬਿਨ੍ਹਾਂ ਕਿਸੇ ਦਬਾਅ ਦੇ ਨਿਰਪੱਖ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨਾਲ ਹੋਈ ਕੁੱਟਮਾਰ ਤੇ ਇਕ ਧਾਰਮਿਕ ਅਸਥਾਨ ਦੀ ਕਮੇਟੀ ਚੋਣ ਨੂੰ ਰੁਕਵਾਉਣ ਸਬੰਧੀ ਮੇਰੇ ਵਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਸਮੇਂ ਕਾਂਜਲੀ ਰੋਡ 'ਤੇ ਕੂੜਾ ਡੰਪਿੰਗ ਵਾਲੀ ਥਾਂ 'ਤੇ ਸ਼ਰੇਆਮ ਕਰੋੜਾਂ ਰੁਪਏ ਦੀ ਨਾਜ਼ਾਇਜ਼ ਮਾਈਨਿੰਗ ਕਰਵਾਈ ਗਈ ਸੀ ਜਦਕਿ ਹੁਣ ਉਹ ਆਪਣੇ ਆਪ ਨੂੰ ਦੁੱਧ ਧੋਤਾ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਉਨ੍ਹਾਂ ਨੇ ਦੜਾ ਸੱਟਾ ਕਰਨ ਵਾਲਿਆਂ ਨੂੰ, ਨਾ ਨਸ਼ਾ ਤਸਕਰਾਂ ਨੂੰ, ਨਾ  ਹੀ ਨਜਾਇਜ ਕਬਜੇ ਕਰਨ ਵਾਲਿਆਂ ਨੂੰ ਅਤੇ ਨਾ ਹੀ ਦੜਾ ਸੱਟਾ ਦੇ ਕਾਰੋਬਾਰੀਆਂ ਨੂੰ ਸ਼ਹਿ ਦਿੱਤੀ ਹੈ ਅਤੇ ਪੁਲਸ ਨੂੰ ਵੀ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਪੁਲਸ ਨੂੰ ਹਮੇਸ਼ਾ ਪ੍ਰੇਰਿਆ ਹੀ ਹੈ। ਮੇਰੇ 'ਤੇ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਦੋਸ਼ਾਂ 'ਚ ਕਿੰਨੀ ਸੱਚਾਈ ਹੈ ਹਲਕੇ ਦੇ ਲੋਕ ਭਲੀ ਭਾਂਤ ਜਾਣਦੇ ਹਨ।


author

Anuradha

Content Editor

Related News