ਅਕਾਲੀ ਦਲ ਨੇ 9ਵੀਂ ਵਾਰ ਹਲਕਾ ''ਦਾਖਾ'' ''ਚ ਲਹਿਰਾਇਆ ਝੰਡਾ

10/25/2019 1:29:27 PM

ਲੁਧਿਆਣਾ (ਹਿਤੇਸ਼) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ 'ਚ ਅਕਾਲੀ-ਭਾਜਪਾ ਨੂੰ ਸਿਰਫ ਇਕ ਸੀਟ 'ਤੇ ਹੀ ਜਿੱਤ ਹਾਸਲ ਹੋਈ ਹੈ, ਜਿਸ ਦੇ ਤਹਿਤ ਅਕਾਲੀ ਦਲ 9ਵੀਂ ਵਾਰ ਹਲਕਾ ਦਾਖਾ 'ਤੇ ਕਬਜ਼ਾ ਕਰਨ 'ਚ ਕਾਮਯਾਬ ਹੋ ਗਿਆ ਹੈ ਕਿਉਂਕਿ 1967 ਤੋਂ ਬਾਅਦ ਕਾਂਗਰਸ ਨੂੰ 1992 'ਚ ਮੁੜ ਇਸ ਸੀਟ 'ਤੇ ਜਿੱਤ ਮਿਲੀ ਸੀ। ਇਸ ਤੋਂ ਇਲਾਵਾ 2002 ਵਿਚ ਕਾਂਗਰਸ ਅਤੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ ਜਦੋਂਕਿ ਬਾਕੀ 8 ਵਾਰ ਹੋਈ ਚੋਣ ਦੌਰਾਨ ਜਿੱਤ ਅਕਾਲੀ ਦਲ ਦੇ ਹਿੱਸੇ ਹੀ ਆਈ ਸੀ।
ਦੋ ਵਾਰ ਦੀ ਹਾਰ ਤੋਂ ਬਾਅਦ ਇਆਲੀ ਨੂੰ ਨਸੀਬ ਹੋਈ ਜਿੱਤ
ਇਆਲੀ ਪਹਿਲੀ ਵਾਰ 2012 'ਚ ਹਲਕਾ ਦਾਖਾ ਤੋਂ ਵਿਧਾÎਇਕ ਚੁਣੇ ਗਏ ਸਨ। ਉਸ ਤੋਂ 2 ਸਾਲ ਬਾਅਦ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਪਰ ਉਹ ਹਾਰ ਗਏ। ਇਹੀ ਨਤੀਜਾ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ ਜਦੋਂਕਿ 2.5 ਸਾਲ ਦੇ ਅੰਦਰ ਹੋਈ ਉਪ ਚੋਣ ਦੌਰਾਨ ਇਆਲੀ ਨੇ ਆਪਣੀ ਸਿਆਸੀ ਜ਼ਮੀਨ ਵਾਪਸ ਹਾਸਲ ਕਰ ਲਈ ਹੈ।
ਫੂਲਕਾ ਕਾਰਣ ਸੰਧੂ 'ਤੇ ਭਾਰੀ ਪਿਆ ਬਾਹਰੀ ਦਾ ਮੁੱਦਾ
ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹਲਕਾ ਦਾਖਾ 'ਚ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੀ ਹਾਰ ਦੇ ਕਾਰਣਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ, ਜਿਸ ਵਿਚ ਸਭ ਤੋਂ ਪਹਿਲਾਂ ਇਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਸੰਧੂ 'ਤੇ ਬਾਹਰੀ ਦਾ ਮੁੱਦਾ ਭਾਰੀ ਪੈ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਐੱਚ. ਐੱਸ. ਫੂਲਕਾ ਨੇ ਵੀ ਦਿੱਲੀ ਤੋਂ ਆ ਕੇ ਚੋਣ ਲੜੀ ਸੀ ਅਤੇ ਜਿੱਤ ਗਏ ਪਰ ਬਾਅਦ 'ਚ ਉਹ ਜ਼ਿਆਦਾ ਸਮਾਂ ਇਲਾਕੇ ਦੇ ਲੋਕਾਂ 'ਚ ਨਹੀਂ ਰਹੇ ਅਤੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਹੋਣ ਵਾਲੀ ਉਪ ਚੋਣ ਲਈ ਕਾਂਗਰਸ ਵੱਲੋਂ ਉਮਦੀਵਾਰ ਬਣਾਏ ਗਏ ਸੰਧੂ ਦੇ ਲੋਕਲ ਨਾ ਹੋਣ ਦਾ ਅਕਾਲੀ ਦਲ ਵੱਲੋਂ ਪ੍ਰਚਾਰ ਕੀਤਾ, ਜਿਸ ਦਾ ਉਨ੍ਹਾਂ ਨੂੰ ਫਾਇਦਾ ਵੀ ਹੋਇਆ ਹੈ।
ਚੋਣ ਦੌਰਾਨ ਹਲਕਾ ਦਾਖਾ 'ਚ ਹੋਈਆਂ ਵੱਡੀਆਂ ਘਟਨਾਵਾਂ 'ਤੇ ਇਕ ਨਜ਼ਰ

  • ਅਕਾਲੀ ਦਲ ਵੱਲੋਂ ਕੋਡ ਲਾਗੂ ਹੋਣ ਤੋਂ ਇਕ ਦਿਨ ਬਾਅਦ ਐੱਸ. ਐੱਚ. ਓ. ਦੀ ਪੋਸਟਿੰਗ ਕਰਨ ਸਬੰਧੀ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਚੋਣ ਕਮਿਸ਼ਨ ਵੱਲੋਂ ਉਸ ਦੀ ਬਦਲੀ ਕਰ ਦਿੱਤੀ ਗਈ।
  • ਇਕ ਕਾਂਗਰਸ ਵਰਕਰ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕੁੱਟ-ਮਾਰ ਕਰਨ ਦਾ ਦੋਸ਼ ਲਾ ਕੇ ਹੰਗਾਮਾ ਕੀਤਾ ਗਿਆ।
  • ਅਕਾਲੀ ਆਗੂਆਂ ਵੱਲੋਂ ਬਿਕਰਮ ਮਜੀਠੀਆ ਦੀ ਅਗਵਾਈ 'ਚ ਐੱਸ. ਐੱਸ. ਪੀ. ਜਗਰਾਓਂ ਦੇ ਸਾਹਮਣੇ ਬਾਹਰੀ ਪੁਲਸ ਵੱਲੋਂ ਉਨ੍ਹਾਂ ਦੇ ਵਰਕਰਾਂ ਨੂੰ ਫੜਨ ਦਾ ਦੋਸ਼ ਲਾ ਕੇ ਇਆਲੀ ਨੂੰ ਗ੍ਰਿਫਤਾਰ ਕਰਨ ਦੀ ਪੇਸ਼ਕਸ਼ ਕੀਤੀ ਗਈ।
  • ਇਆਲੀ ਵੱਲੋਂ ਪਾਬੰਦੀ ਦੇ ਬਾਵਜੂਦ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਪਿੰਡ ਸਰਾਭਾ 'ਚ ਮੌਜੂਦ ਹੋਣ ਦਾ ਦੋਸ਼ ਲਾਉਣ 'ਤੇ ਜ਼ੀਰਾ ਉਨ੍ਹਾਂ ਨੂੰ ਚੈਲੇਂਜ ਕਰਨ ਲਈ ਉੱਥੇ ਗਏ ਤਾਂ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ।
  • ਐੱਮ. ਪੀ. ਰਵਨੀਤ ਬਿੱਟੂ ਨੂੰ ਫੇਸਬੁੱਕ 'ਤੇ ਵਿਰੋਧੀਆਂ ਨੂੰ ਧਮਕਾਉਣ ਦੇ ਦੋਸ਼ 'ਚ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ।
  • ਇਆਲੀ ਨੂੰ ਡੈੱਡਲਾਈਨ ਖਤਮ ਹੋਣ ਤੋਂ ਬਾਅਦ ਅਕਾਲੀ ਦਲ ਲਈ ਵੋਟ ਮੰਗਣ ਦੇ ਦੋਸ਼ 'ਚ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ।
  • ਅਕਾਲੀ ਦਲ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੇ ਦਿਨ ਹਲਕਾ ਦਾਖਾ ਦਾ ਕੰਟਰੋਲ ਐੱਸ. ਐੱਸ. ਪੀ. ਜਗਰਾਓਂ ਤੋਂ ਲੈ ਕੇ ਡੀ. ਆਈ. ਜੀ. ਨੂੰ ਸੌਂਪ ਦਿੱਤਾ ਗਿਆ।
  • ਪਿੰਡ ਜਾਂਗਪੁਰ ਵਿਚ ਵੋਟਿੰਗ ਖਤਮ ਹੋਣ ਤੋਂ ਬਾਅਦ ਹੋਈ ਝੜਪ 'ਚ ਅਕਾਲੀ ਦਲ ਦੇ ਵਰਕਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਕਾਂਗਰਸੀ ਆਗੂਆਂ ਖਿਲਾਫ ਕੇਸ ਦਰਜ ਕੀਤਾ ਗਿਆ।

ਕੈਪਟਨ ਵੱਲੋਂ ਤਿੰਨ ਵਾਰ ਆਉਣ ਦਾ ਵੀ ਨਹੀਂ ਹੋਇਆ ਫਾਇਦਾ
ਉਪ ਚੋਣ ਦੌਰਾਨ ਚਾਹੇ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ, ਬਿਕਰਮ ਮਜੀਠੀਆ ਵੱਲੋਂ ਲਗਾਤਾਰ ਹਲਕਾ ਦਾਖਾ ਵਿਚ ਆ ਕੇ ਇਆਲੀ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ ਪਰ ਖਾਸ ਗੱਲ ਇਹ ਰਹੀ ਕਿ ਬਾਕੀ ਸੀਟਾਂ 'ਤੇ ਹੋ ਰਹੀ ਉਪ ਚੋਣ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ ਇੱਥੇ ਆ ਕੇ ਆਪਣੇ ਕਰੀਬੀ ਸੰਦੀਪ ਸੰਧੂ ਦੇ ਪੇਪਰ ਫਾਈਲ ਕਰਵਾਏ ਗਏ। ਇਸੇ ਤਰ੍ਹਾਂ ਬਾਕੀ ਸੀਟਾਂ 'ਤੇ ਇਕ ਵਾਰ ਰੋਡ ਸ਼ੋਅ ਕਰਨ ਦੇ ਮੁਕਾਬਲੇ ਦਾਖਾ 'ਚ ਦੋ ਵਾਰ ਦਸਤਕ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਮਾਮਲੇ 'ਚ ਪਟਿਆਲਾ ਵਾਂਗ ਦਾਖਾ ਨੂੰ ਪਹਿਲ ਦੇਣ ਦੀ ਗੱਲ ਵੀ ਕਹੀ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ।
ਦਾਖਾ ਤੋਂ ਦੂਜੀ ਵਾਰ ਜਿੱਤਣ ਵਾਲੇ ਤੀਜੇ ਵਿਧਾਇਕ ਬਣੇ ਇਆਲੀ
ਇਆਲੀ ਦੇ ਨਾਂ ਉਪ ਚੋਣ ਦੌਰਾਨ ਸਰਕਾਰ ਦੇ ਉਮੀਦਵਾਰ ਨੂੰ ਹਰਾਉਣ ਤੋਂ ਇਲਾਵਾ ਇਕ ਰਿਕਾਰਡ ਇਹ ਵੀ ਬਣ ਗਿਆ ਹੈ ਕਿ ਉਹ ਦਾਖਾ ਤੋਂ ਦੂਜੀ ਵਾਰ ਜਿੱਤਣ ਵਾਲੇ ਤੀਜੇ ਵਿਧਾਇਕ ਬਣ ਗਏ ਹਨ ਕਿਉਂਕਿ ਦਾਖਾ 'ਚ ਸਭ ਤੋਂ ਜ਼ਿਆਦਾ ਚਾਰ ਵਾਰ ਬਸੰਤ ਸਿੰਘ ਖਾਲਸਾ ਵਿਧਾਇਕ ਰਹੇ ਹਨ।


Babita

Content Editor

Related News