ਬਸਪਾ ਤੇ ਹੋਰ ਪਾਰਟੀਆਂ ਨਾਲ ਗਠਜੋੜ ਬਾਰੇ ਅਕਾਲੀ ਦਲ ਦੀ ਗੱਲਬਾਤ ਅੰਤਿਮ ਪੜਾਅ ’ਤੇ : ਮਲੂਕਾ
Wednesday, Jun 09, 2021 - 11:38 PM (IST)
ਪਟਿਆਲਾ(ਬਲਜਿੰਦਰ, ਜ. ਬ., ਰਾਣਾ)- ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਵਾਸਤੇ ਅਕਾਲੀ ਦਲ ਦੀ ਬਸਪਾ ਤੇ ਹੋਰ ਪਾਰਟੀਆਂ ਨਾਲ ਗੱਲਬਾਤ ਚਲ ਰਹੀ ਹੈ। ਇਸ ਬਾਰੇ ਜਲਦੀ ਹੀ ਫੈਸਲਾ ਹੋਵੇਗਾ ਕਿਉਂਕਿ ਇਸ ਵੇਲੇ ਅੰਤਿਮ ਪੜਾਅ ਦੀ ਗੱਲਬਾਤ ਚਲ ਰਹੀ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਗਠਜੋੜ ਬਾਰੇ ਗੱਲਬਾਤ ਤਕਰੀਬਨ ਅੰਤਿਮ ਪੜਾਅ ’ਤੇ ਹੈ। ਇਸ ਦਾ ਫੈਸਲਾ ਜਲਦੀ ਹੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ, ‘ਆਪ’ ਤੇ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 1407 ਨਵੇਂ ਮਾਮਲੇ, 66 ਮਰੀਜ਼ਾਂ ਦੀ ਹੋਈ ਮੌਤ
ਸਵਾਲਾਂ ਦੇ ਜਵਾਬ ਦਿੰਦਿਆਂ ਮਲੂਕਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ’ਚ ਕੀਤੇ ਵਾਅਦੇ ਪੂਰੇ ਕਰਨ ਲਈ ਕਾਨੂੰਨੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ। ਜਿਹੜੀ ਵੀ ਪਾਰਟੀ 90 ਫੀਸਦੀ ਤੱਕ ਵਾਅਦੇ ਪੂਰੇ ਨਹੀਂ ਕਰਦੀ, ਉਸ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਭਾਜਪਾ ਨਾਲ ਗਠਜੋੜ ਟੁੱਟਣ ਦਾ ਨੁਕਸਾਨ ਹੋਣ ਬਾਰੇ ਸਵਾਲ ਦੇ ਜਵਾਬ ’ਚ ਮਲੂਕਾ ਨੇ ਕਿਹਾ ਕਿ ਸਿਆਸੀ ਮਾਮਲਿਆਂ ’ਚ ਕਈ ਵਾਰ ਫਾਇਦਾ ਵੀ ਹੋ ਜਾਂਦਾ ਹੈ। ਜ਼ਰੂਰੀ ਨਹੀਂ ਕਿ ਨੁਕਸਾਨ ਹੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਕਾਲੀ ਦਲ ਨੇ ਕੇਂਦਰੀ ਵਜ਼ਾਰਤ ਵੀ ਛੱਡੀ ਅਤੇ ਸੰਸਦ ’ਚ ਵੀ ਬਿੱਲਾਂ ਖ਼ਿਲਾਫ਼ ਵੋਟ ਵੀ ਪਾ ਕੇ ਆਇਆ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵਾਕਆਊਟ ਕਰ ਕੇ ਭਾਜਪਾ ਨੂੰ ਫਾਇਦਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ। ਅਸੀਂ ਕਿਸਾਨਾਂ ਵਾਸਤੇ ਟਿਕਰੀ ਤੇ ਸਿੰਘੂ ਬਾਰਡਰਾਂ ’ਤੇ ਵੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ : ਬਾਬਾ ਬੰਦਾ ਸਿੰਘ ਬਹਾਦਰ ਕਿਰਤੀ ਲੋਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਵਾਲੇ ਪਹਿਲੇ ਮਹਾਨ ਯੋਧੇ : ਮਾਨ
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਮੁਲਾਜ਼ਮ ਫਰੰਟ ਦੇ ਆਗੂ ਬਾਜ਼ ਸਿੰਘ ਖਹਿਰਾ ਤੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਤੋਂ ਇਲਾਵਾ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।