ਨਵਾਂ ਅਕਾਲੀ ਦਲ ਬਨਾਉਣ ਤੋਂ ਬਾਅਦ ਟਕਸਾਲੀਆਂ ਦੇ ਪੰਜ ਮਤੇ

Sunday, Dec 23, 2018 - 06:47 PM (IST)

ਨਵਾਂ ਅਕਾਲੀ ਦਲ ਬਨਾਉਣ ਤੋਂ ਬਾਅਦ ਟਕਸਾਲੀਆਂ ਦੇ ਪੰਜ ਮਤੇ

ਅੰਮ੍ਰਿਤਸਰ : ਨਵੀਂ ਪਾਰਟੀ ਅਕਾਲੀ ਦਲ ਟਕਸਾਲੀ ਦੇ ਗਠਨ ਤੋਂ ਬਾਅਦ ਅੱਜ ਪਾਰਟੀ ਲੀਡਰਾਂ ਵਲੋਂ ਪੰਜ ਮਤੇ ਪਾਸ ਕੀਤੇ ਗਏ। ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਨ੍ਹਾਂ ਪੰਜ ਮਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਤੇ ਵਿਚ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ ਦਾ ਸਿਆਸੀ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦੇਣ ਦੀ ਨਿੰਦਾ ਕੀਤੀ ਗਈ। ਦੂਜੇ ਮਤੇ ਵਿਚ ਦਿੱਲੀ ਦੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਮੌਤ ਤਕ ਜੇਲ ਵਿਚ ਰਹਿਣ ਦੀ ਸਜ਼ਾ ਸੁਣਾਏ ਜਾਣ ਤੇ ਕੁਝ ਰਾਹਤ ਅਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਹਰਿੰਦਰ ਸਿੰਘ ਫੂਲਕਾ ਸਣੇ ਹੋਰ ਵਕੀਲਾਂ ਤੇ ਗਵਾਹਾਂ ਦਾ ਧੰਨਵਾਦ ਕੀਤਾ ਗਿਆ। 
ਤੀਜੇ ਮਤੇ ਵਿਚ ਕਰਤਾਰਪੁਰ ਲਾਂਘੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਮਰਾਨ ਖਾਨ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਨਾਲ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਜਥੇਦਾਰ ਵਡਾਲਾ ਵਲੋਂ ਕੀਤੀਆਂ ਗਈਆਂ ਅਰਦਾਸਾਂ ਲਈ ਸ਼ੁਕਰਾਨਾ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਨਾਥ ਸਿੰਘ ਵਲੋਂ ਲਾਂਘੇ ਸੰਬੰਧੀ ਦਿੱਤੇ ਜਾ ਰਹੇ ਬਿਆਨਾਂ ਦੀ ਨਿਖੇਧੀ ਕਰਦੇ ਹੋਏ ਅਪੀਲ ਕੀਤੀ ਗਈ ਕਿ ਅਜਿਹੇ ਬਿਆਨ ਨਾ ਦਿੱਤੇ ਜਾਣ ਜਿਸ ਕਾਰਨ ਲਾਂਘਾ ਖੁੱਲ੍ਹਣ 'ਚ ਅੜਚਣ ਪੇਸ਼ ਆਵੇ। ਪੰਜਵੇਂ ਮਤੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ ਦਖਲ ਅੰਦਾਜ਼ੀ ਤੇ ਚੋਣਾਂ ਨਿਰਪੱਖ ਢੰਗ ਨਾਲ ਨਾ ਕਰਵਾਉਣ ਲਈ ਨਿਖੇਧੀ ਕੀਤੀ ਗਈ। ਪੰਜਵੇਂ ਮਤੇ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲੋਂ ਜਲਦ ਤੋਂ ਜਲਦ ਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ।


author

Gurminder Singh

Content Editor

Related News