ਅਕਾਲੀ ਦਲ ਨੇ ਚੰਡੀਗੜ੍ਹ ਦੇ SSP ਨੂੰ ਹਟਾਉਣ ਦੇ ਮਾਮਲੇ ’ਚ CM ਮਾਨ ਨੂੰ ਘੇਰਿਆ
Wednesday, Dec 14, 2022 - 07:05 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਝੂਠ ਕਿਉਂ ਬੋਲਿਆ ਕਿ ਯੂ. ਟੀ. ਪ੍ਰਸ਼ਾਸਨ ਨੇ ਪੰਜਾਬ ਕੇਡਰ ਦੇ ਅਫ਼ਸਰ ਕੁਲਦੀਪ ਚਾਹਲ ਨੂੰ ਐੱਸ. ਐੱਸ. ਪੀ. ਚੰਡੀਗੜ੍ਹ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕਰ ਕੇ ਪੰਜਾਬ ਤੋਂ ਅਫ਼ਸਰਾਂ ਦਾ ਪੈਨਲ ਨਹੀਂ ਮੰਗਿਆ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਬਿਆਨ ’ਚ ਕਿਹਾ ਕਿ ਝੂਠ ਬੋਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਪਾਤਰ ਬਣਾਉਣਾ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਗੁੰਮਰਾਹਕੁੰਨ ਪੱਤਰ ਲਿਖ ਕੇ ਪ੍ਰਸ਼ਾਸਨ ਦਾ ਮਖੌਲ ਉਡਾਇਆ ਅਤੇ ਬਿਨਾਂ ਠੋਸ ਆਧਾਰ ’ਤੇ ਵੱਡੇ ਵੱਡੇ ਝੂਠੇ ਦਾਅਵੇ ਵੀ ਕੀਤੇ। ਉਨ੍ਹਾਂ ਕਿਹਾ ਕਿ ਹੁਣ ਇਹ ਮੁੱਖ ਮੰਤਰੀ ਹੀ ਦੱਸਣ ਕਿ ਉਨ੍ਹਾਂ ਨੇ ਝੂਠਾ ਦਾਅਵਾ ਕਿਉਂ ਕੀਤਾ ਕਿ ਯੂ. ਟੀ. ਪ੍ਰਸ਼ਾਸਨ ਨੇ ਐੱਸ. ਐੱਸ. ਪੀ. ਕੁਲਦੀਪ ਚਾਹਲ ਨੂੰ ਹਟਾਉਣ ਦਾ ਫੈਸਲਾ ਕਰਨ ਮਗਰੋਂ ਪੰਜਾਬ ਸਰਕਾਰ ਤੋਂ ਅਫ਼ਸਰਾਂ ਦਾ ਪੈਨਲ ਨਹੀਂ ਮੰਗਿਆ।
ਇਹ ਖ਼ਬਰ ਵੀ ਪੜ੍ਹੋ : SSP ਦੀ ਨਿਯੁਕਤੀ ਨੂੰ ਲੈ ਕੇ ਸੁਖਬੀਰ ਬਾਦਲ ਦਾ ਟਵੀਟ, CM ਮਾਨ ਨੂੰ ਕਹੀ ਇਹ ਗੱਲ
ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਇਸ ਮਾਮਲੇ ਵਿਚ ਯੂ. ਟੀ. ਪ੍ਰਸ਼ਾਸਕ ਤੇ ਮੁੱਖ ਸਕੱਤਰ ਵਿਚਾਲੇ ਹੋਈ ਗੱਲਬਾਤ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਜਾਂ ਨਹੀਂ ਕਿਉਂਕਿ ਮੁੱਖ ਸਕੱਤਰ ਸਿੱਧਾ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਨੂੰ ਰਿਪੋਰਟ ਕਰਦੇ ਹਨ, ਭਗਵੰਤ ਮਾਨ ਨੂੰ ਨਹੀਂ।
ਡਾ. ਚੀਮਾ ਨੇ ਕਿਹਾ ਕਿ ਯੂ. ਟੀ. ਪ੍ਰਸ਼ਾਸਕ ਦੇ ਮੁੱਖ ਮੰਤਰੀ ਨੂੰ ਦਿੱਤੇ ਜਵਾਬ ਜੋ ਜਨਤਕ ਹੈ, ਤੋਂ ਸਪੱਸ਼ਟ ਹੈ ਕਿ ਪ੍ਰ਼ਸ਼ਾਸਕ ਨੇ 28 ਨਵੰਬਰ ਨੂੰ ਹੀ ਅਫ਼ਸਰਾਂ ਦਾ ਪੈਨਲ ਮੰਗਿਆ ਸੀ ਤੇ ਫਿਰ ਪ੍ਰਸ਼ਾਸਕ ਦੇ ਸਲਾਹਕਾਰ ਨੇ ਇਹੀ ਬੇਨਤੀ 30 ਨਵੰਬਰ ਨੂੰ ਦੁਹਰਾਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਯੂ. ਟੀ. ਪ੍ਰਸ਼ਾਸਨ ਇਸ ਮਾਮਲੇ ਵਿਚ ਲਗਾਤਾਰ ਪੰਜਾਬ ਸਰਕਾਰ ਦੇ ਸੰਪਰਕ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਮੁੜ ਸਰਗਰਮ ਹੋਈ ‘ਆਪ’ ਸਰਕਾਰ, ਸ਼ੁਰੂ ਕਰਨ ਜਾ ਰਹੀ ਇਹ ਮੁਹਿੰਮ
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਨੇ ਯੂ. ਟੀ. ਪ੍ਰਸ਼ਾਸਨ ਦੀ ਬੇਨਤੀ ’ਤੇ ਕੋਈ ਫੈਸਲਾ ਕਿਉਂ ਨਹੀਂ ਲਿਆ ਅਤੇ ਉਲਟਾ ਕੁਲਦੀਪ ਚਾਹਲ ਨੂੰ ਹਟਾਉਣ ਮਗਰੋਂ ਗੁੰਮਰਾਹਕੁੰਨ ਜਵਾਬ ਕਿਉਂ ਦਿੱਤਾ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੀ ਹੁਣ ਤੱਕ ਵੀ ਪੈਨਲ ਭੇਜ ਦਿੱਤਾ ਗਿਆ ਹੈ ਜਾਂ ਨਹੀਂ। ਇਸ ਦੌਰਾਨ ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਝੂਠ ਬੋਲਣਾ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਕ ਹੋਰ ਝੂਠ ਅੱਜ ਬੇਨਕਾਬ ਹੋ ਗਿਆ, ਜਦੋਂ ਸੂਬੇ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕਰਨ ਦੇ ਭਗਵੰਤ ਮਾਨ ਦੇ ਦਾਅਵੇ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਇਹ ਆਦਤ ਛੱਡ ਦੇਣੀ ਚਾਹੀਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਸਹੀ ਤਰੀਕੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।