ਸੁਖਬੀਰ ਨੇ ਕੁਰਸੀ ਖਾਤਰ ਪਾਰਟੀ ਦਾ ਭੱਠਾ ਬਿਠਾਇਆ : ਢੀਂਡਸਾ

Sunday, Feb 09, 2020 - 06:25 PM (IST)

ਲਹਿਰਾਗਾਗਾ (ਗਰਗ, ਜਿੰਦਲ) : ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ 'ਤੇ ਕਬਜ਼ਾ ਕਰੀ ਬੈਠੇ ਸੁਖਬੀਰ ਸਿੰਘ ਬਾਦਲ ਨੇ ਕੇਂਦਰ 'ਚ ਵਜ਼ੀਰ ਦੀ ਕੁਰਸੀ ਬਚਾਉਣ ਲਈ ਪੰਜਾਬ ਅਤੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ, ਜਿਸ ਤੋਂ ਸਾਰਾ ਪੰਜਾਬ ਜਾਣੂ ਹੈ, ਜਿਸ ਦੇ ਚੱਲਦੇ ਢੀਂਡਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਬਣਾਉਣ ਲਈ ਮਰਦੇ ਦਮ ਤੱਕ ਆਪਣੀ ਲੜਾਈ ਜਾਰੀ ਰੱਖੇਗਾ। ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਵੱਖ-ਵੱਖ ਪਿੰਡਾਂ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕੀਤਾ ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੰਗਰੂਰ ਵਿਖੇ ਕੀਤੀ ਗਈ ਰੈਲੀ 'ਚ“ਕਾਂਗਰਸ ਵਿਰੋਧੀ ਰੈਲੀ ਕਹਿ ਕੇ ਇਕੱਠ ਕੀਤਾ ਗਿਆ ਪਰ ਇਹ ਰੈਲੀ ਢੀਂਡਸਾ ਪਰਿਵਾਰ ਵਿਰੋਧੀ ਰੈਲੀ ਹੋ ਨਿੱਬੜੀ। ਜੇਕਰ ਸੁਖਬੀਰ ਬਾਦਲ 'ਚ ਹਿੰਮਤ ਹੈ ਤਾਂ ਸੰਗਰੂਰ ਵਿਚ ਢੀਂਡਸਾ ਪਰਿਵਾਰ ਵਿਰੋਧੀ ਰੈਲੀ ਕਰ ਕੇ ਦੇਖ ਲੈਣ, ਫਿਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਜ਼ਿਲੇ ਦੇ ਲੋਕ ਕਿਸ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਜਾਂ ਪਾਰਟੀ ਦਾ ਭਲਾ ਕਰ ਕੇ ਨਹੀਂ ,ਬਲਕਿ ਝੂਠਾ ਪ੍ਰਚਾਰ ਤੇ ਹੋਰਨਾਂ 'ਤੇ ਝੂਠੇ ਦੋਸ਼ ਲਾ ਕੇ ਖੁਸ਼ ਹੁੰਦੈ ਅਤੇ ਕੁਝ ਅਖੌਤੀ ਆਗੂ ਵੀ ਸੁਖਬੀਰ ਬਾਦਲ ਨੂੰ ਖੁਸ਼ ਕਰਨ ਲਈ ਢੀਂਡਸਾ ਪਰਿਵਾਰ ਵਿਰੋਧੀ ਬਿਆਨਬਾਜ਼ੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਦਾ ਪਰਦਾਫਾਸ਼ ਕਰਨ ਲਈ 23 ਫਰਵਰੀ ਨੂੰ ਸੰਗਰੂਰ ਵਿਖੇ ਜ਼ਿਲਾ ਪੱਧਰੀ ਰੈਲੀ 'ਚ ਅਗਲੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਪ੍ਰਧਾਨ ਦੀ ਬਜਾਏ ਪਾਰਟੀ ਦੇ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਉਂਦੇ ਹਨ ਤਾਂ ਫਿਰ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣ ਸਬੰਧੀ ਸਮਝੌਤੇ 'ਤੇ ਵਿਚਾਰ ਹੋ ਸਕਦੈ।


Gurminder Singh

Content Editor

Related News